ਹੜ੍ਹ ਮਾਰੇ ਖੇਤਰਾਂ ’ਚ ਮੱਕੀ, ਬਾਜਰਾ ਤੇ ਮੂੰਗੀ ਬੀਜਣ ਦੀ ਸਲਾਹ

ਹੜ੍ਹ ਮਾਰੇ ਖੇਤਰਾਂ ’ਚ ਮੱਕੀ, ਬਾਜਰਾ ਤੇ ਮੂੰਗੀ ਬੀਜਣ ਦੀ ਸਲਾਹ

ਪੰਜਾਬ ਵਿੱਚ ਹੜ੍ਹਾਂ ਨੇ ਝੋਨੇ ਦੀ ਫ਼ਸਲ ਦਾ ਕਾਫੀ ਨੁਕਸਾਨ ਕੀਤਾ ਹੈ। ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਥਾਵਾਂ ’ਤੇ ਅਗਸਤ ਦੇ ਪਹਿਲੇ ਹਫ਼ਤੇ ਤੱਕ ਝੋਨੇ ਦੀ ਲੁਆਈ ਨਹੀਂ ਹੁੰਦੀ ਉਥੇ ਕਿਸਾਨਾਂ ਨੂੰ ਮੱਕੀ, ਬਾਜਰਾ, ਸਬਜ਼ੀਆਂ ਤੇ ਮੂੰਗੀ ਬੀਜਣੀ ਚਾਹੀਦੀ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿੱਚ 9 ਤੋਂ 11 ਜੁਲਾਈ ਤੱਕ ਪਏ ਭਾਰੀ ਮੀਂਹ ਕਾਰਨ ਸੂਬੇ ਦੇ ਕਈ ਖੇਤਰ ਪ੍ਰਭਾਵਿਤ ਹੋਏ ਹਨ। ਹੜ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਲੀਹੋਂ ਲਾਹ ਦਿੱਤੀ ਹੈ।

ਪੰਜਾਬ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਛੇ ਲੱਖ ਏਕੜ ਤੋਂ ਵੱਧ ਰਕਬੇ ਵਿੱਚ ਪਾਣੀ ਭਰ ਗਿਆ ਹੈ ਅਤੇ ਇਸ ਵਿੱਚੋਂ ਦੋ ਲੱਖ ਏਕੜ ਤੋਂ ਵੱਧ ਜ਼ਮੀਨ ’ਤੇ ਮੁੜ ਝੋਨਾ ਲਾਉਣ ਦੀ ਲੋੜ ਹੈ। ਸੂਬੇ ਦੇ 19 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹਨ ਅਤੇ ਪਟਿਆਲਾ, ਸੰਗਰੂਰ, ਮੁਹਾਲੀ, ਰੂਪਨਗਰ, ਜਲੰਧਰ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਝੋਨੇ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਅਗਸਤ ਦੇ ਪਹਿਲੇ ਹਫ਼ਤੇ ਤੱਕ ਫ਼ਸਲ ਦੀ ਮੁੜ ਬਿਜਾਈ ਕਰਨ ਲਈ ਕਿਹਾ ਗਿਆ ਹੈ। ਮਾਹਿਰਾਂ ਅਨੁਸਾਰ ਜੇ ਅਗਸਤ ਦੇ ਪਹਿਲੇ ਹਫ਼ਤੇ ਤੱਕ ਫ਼ਸਲ ਮੁੜ ਨਾ ਬੀਜੀ ਗਈ ਤਾਂ ਵਾਢੀ ’ਚ ਦੇਰੀ ਹੋ ਜਾਵੇਗੀ, ਜਿਸ ਨਾਲ ਨਵੰਬਰ ਵਿੱਚ ਕਣਕ ਦੀ ਬਿਜਾਈ ’ਤੇ ਵੀ ਅਸਰ ਪਵੇਗਾ। ਪੰਜਾਬ ਵਿੱਚ ਹਾਲੇ ਵੀ ਕੁੱਝ ਇਲਾਕੇ ਹੜ੍ਹਾਂ ਦੀ ਮਾਰ ਹੇਠ ਹਨ। ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਨੂੰ ਮੁੜ ਫ਼ਸਲ ਬੀਜਣ ’ਚ ਹਾਲੇ ਕੁੱਝ ਸਮਾਂ ਲੱਗੇਗਾ। ਇਸ ਤੋਂ ਇਲਾਵਾ ਝੋਨੇ ਦੇ ਬੀਜ ਤਿਆਰ ਹੋਣ ਲਈ ਵੀ ਕਈ ਦਿਨ ਲੱਗ ਜਾਂਦੇ ਹਨ। ਉਧਰ ਖੇਤਾਂ ਵਿੱਚ ਹੜ੍ਹ ਕੇ ਆਏ ਪੱਥਰ ਅਤੇ ਹੋਰ ਚੀਜ਼ਾਂ ਵੀ ਝੋਨੇ ਦੀ ਮੁੜ ਲੁਆਈ ਲਈ ਕਿਸਾਨਾਂ ਵਾਸਤੇ ਚੁਣੌਤੀ ਬਣ ਰਹੀਆਂ ਹਨ।