ਇਸਰੋ ਨੇ ਸਿੰਗਾਪੁਰ ਦੇ ਸੱਤ ਉਪਗ੍ਰਹਿ ਨਿਰਧਾਰਿਤ ਪੰਧ ’ਤੇ ਪਾਏ

ਇਸਰੋ ਨੇ ਸਿੰਗਾਪੁਰ ਦੇ ਸੱਤ ਉਪਗ੍ਰਹਿ ਨਿਰਧਾਰਿਤ ਪੰਧ ’ਤੇ ਪਾਏ
ਭਾਰਤੀ ਪੁਲਾੜ ਖੋਜ ਏਜੰਸੀ (ਇਸਰੋ) ਨੇ ਇੱਥੋਂ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਿੰਗਾਪੁਰ ਦੇ ਸੱਤ ਉਪਗ੍ਰਹਿ ਲਿਜਾ ਰਹੇ ਆਪਣੇ ਭਰੋਸੇਮੰਦ ਪੀਐੱਸਐਲਵੀ ਰਾਕੇਟ ਸਫ਼ਲਤਾ ਨਾਲ ਲਾਂਚ ਕੀਤਾ ਤੇ ਉਪਗ੍ਰਹਿ ਨਿਰਧਾਰਿਤ ਪੰਧ ਉਤੇ ਪਾ ਦਿੱਤੇ। ‘ਇਸਰੋ’ ਨੇ ਦੱਸਿਆ ਕਿ ਲਾਂਚ ਤੋਂ ਕਰੀਬ 23 ਮਿੰਟ ਬਾਅਦ ਪ੍ਰਮੁੱਖ ਉਪਗ੍ਰਹਿ ਰਾਕੇਟ ਤੋਂ ਵੱਖ ਹੋਏ। ਇਸ ਤੋਂ ਬਾਅਦ ਛੇ ਹੋਰ ਉਪਗ੍ਰਹਿ ਵੀ ਵੱਖ ਹੋਏ ਤੇ ਆਪੋ-ਆਪਣੇ ਪੰਧ ਉਤੇ ਸਥਾਪਿਤ ਹੋ ਗਏ। ਇਸ ਮਹੀਨੇ ਚੰਦਰਯਾਨ-3 ਦੇ ਲਾਂਚ ਤੋਂ ਬਾਅਦ ਇਹ ‘ਇਸਰੋ’ ਦਾ ਇਕ ਹੋਰ ਅਹਿਮ ਮਿਸ਼ਨ ਹੈ, ਜਿਸ ਦੀ ਕਮਾਨ ਏਜੰਸੀ ਦੀ ਵਪਾਰਕ ਇਕਾਈ ‘ਨਿਊ ਸਪੇਸ ਇੰਡੀਆ ਲਿਮਟਿਡ’ ਸੰਭਾਲ ਰਹੀ ਹੈ। ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ, ‘ਪ੍ਰਮੁੱਖ ਉਪਗ੍ਰਹਿ ਡੀਐੱਸ-ਐੱਸਏਆਰ ਤੇ ਛੇ ਹੋਰਾਂ ਨੂੰ ਲਿਜਾ ਰਹੇ ਪੀਐੱਸਐਲਵੀ-ਸੀ56 ਨੇ ਇਨ੍ਹਾਂ ਨੂੰ ਸਫ਼ਲਤਾ ਨਾਲ ਨਿਰਧਾਰਿਤ ਪੰਧ ਵਿਚ ਪਾ ਦਿੱਤਾ ਹੈ। ਸ਼ਨਿਚਰਵਾਰ ਨੂੰ ਸ਼ੁਰੂ ਹੋਈ 25 ਘੰਟਿਆਂ ਦੀ ਪੁੱਠੀ ਗਿਣਤੀ ਤੋਂ ਬਾਅਦ 44.4 ਮੀਟਰ ਲੰਮੇ ਰਾਕੇਟ ਨੂੰ ਐਤਵਾਰ ਸਵੇਰੇ ਛੇ ਵਜ ਕੇ 30 ਮਿੰਟ ਦੇ ਨਿਰਧਾਰਿਤ ਸਮੇਂ ਤੋਂ ਇਕ ਮਿੰਟ ਬਾਅਦ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਛੱਡਿਆ ਗਿਆ। ‘ਇਸਰੋ’ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਕੇਟ ਨੂੰ ਇਕ ਮਿੰਟ ਬਾਅਦ ਇਸ ਲਈ ਲਾਂਚ ਕੀਤਾ ਗਿਆ ਕਿਉਂਕਿ ਇਸ ਦੀ ਯਾਤਰਾ ਦੌਰਾਨ ਪੁਲਾੜ ਦੇ ਮਲਬੇ ਦੇ ਇਸ ਦੇ ਰਾਹ ਵਿਚ ਆਉਣ ਦਾ ਖ਼ਦਸ਼ਾ ਸੀ। ਸੋਮਨਾਥ ਨੇ ਮਿਸ਼ਨ ਕੰਟਰੋਲ ਕੇਂਦਰ ਵਿਚ ਕਿਹਾ ਕਿ ਉਹ ਸਿੰਗਾਪੁਰ ਦੇ ਉਪਗ੍ਰਹਿ ਦੇ ਲਾਂਚ ਲਈ ਪੀਐੱਸਐਲਵੀ ਉਤੇ ਭਰੋਸਾ ਜਤਾਉਣ ਲਈ ਸਿੰਗਾਪੁਰ ਸਰਕਾਰ ਵੱਲੋਂ ਸਪਾਂਸਰ ਇਕਾਈ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ‘ਇਸਰੋ’ ਅਗਸਤ ਜਾਂ ਸਤੰਬਰ ਦੀ ਸ਼ੁਰੂਆਤ ’ਚ ਇਕ ਹੋਰ ਪੀਐੱਸਐਲਵੀ ਮਿਸ਼ਨ ਭੇਜੇਗਾ। ‘ਨਿਊਸਪੇਸ’ ਇੰਡੀਆ ਲਿਮਟਿਡ’ ਦੇ ਚੇਅਰਮੈਨ ਤੇ ਐਮਡੀ ਡੀ. ਰਾਧਾਕ੍ਰਿਸ਼ਨਨ ਨੇ ਵੀ ਇਸਰੋ ਦੀਆਂ ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੰਗਾਪੁਰ ਭਵਿੱਖ ਵਿਚ ਕਈ ਹੋਰ ਮਿਸ਼ਨ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ ਤੇ ਆਸ ਹੈ ਕਿ ਉਹ ਇਸਰੋ ਦੀਆਂ ਸੇਵਾਵਾਂ ਲੈਣਗੇ।