ਮਣੀਪੁਰ 'ਚ ਦੋ ਔਰਤਾਂ ਨਾਲ ਹੋਈ ਹੈਵਾਨੀਅਤ ਦੀ ਅਮਰੀਕਾ ਨੇ ਕੀਤੀ ਨਿੰਦਾ

ਮਣੀਪੁਰ 'ਚ ਦੋ ਔਰਤਾਂ ਨਾਲ ਹੋਈ ਹੈਵਾਨੀਅਤ ਦੀ ਅਮਰੀਕਾ ਨੇ ਕੀਤੀ ਨਿੰਦਾ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਹੈ ਕਿ ਮਣੀਪੁਰ ਵਿਚ ਦੋ ਔਰਤਾਂ 'ਤੇ ਹੋਏ ਹਮਲੇ ਦੀ ਵੀਡੀਓ ਤੋਂ ਅਮਰੀਕਾ ਹੈਰਾਨ ਅਤੇ ਪ੍ਰੇਸ਼ਾਨ ਹੈ ਅਤੇ ਉਹਨਾਂ ਦਾ ਦੇਸ਼ ਨਿਆਂ ਦਿਵਾਉਣ ਲਈ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ | 19 ਜੁਲਾਈ ਨੂੰ ਮਣੀਪੁਰ ਦੇ ਕਾਂਗਪੋਕਪੀ ਜ਼ਿਲੇ ਵਿੱਚ ਭੀੜ ਵੱਲੋਂ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਘੁੰਮਾਏ ਜਾਣ ਦਾ ਵੀਡੀਓ ਸਾਹਮਣੇ ਆਇਆ ਸੀ, ਜਿਸ ਦੀ ਦੇਸ਼ ਵਿਆਪੀ ਨਿੰਦਾ ਹੋਈ ਸੀ। ਇਹ ਘਟਨਾ 4 ਮਈ ਦੀ ਹੈ। 

ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਮੰਗਲਵਾਰ ਨੂੰ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ''ਅਸੀਂ ਮਣੀਪੁਰ 'ਚ ਦੋ ਔਰਤਾਂ 'ਤੇ ਬੇਰਹਿਮੀ ਨਾਲ ਹੋਏ ਹਮਲੇ ਦੀ ਵੀਡੀਓ ਤੋਂ ਹੈਰਾਨ ਅਤੇ ਪਰੇਸ਼ਾਨ ਹਾਂ। ਅਸੀਂ ਲਿੰਗ-ਅਧਾਰਤ ਹਿੰਸਾ ਦੀ ਇਸ ਕਾਰਵਾਈ ਦੀਆਂ ਪੀੜਤ ਔਰਤਾਂ ਨਾਲ ਹਮਦਰਦੀ ਰੱਖਦੇ ਹਾਂ ਅਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਭਾਰਤ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਦੇ ਹਾਂ। ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਕਿਹਾ ਹੈ ਕਿ ਔਰਤਾਂ ਵਿਰੁੱਧ ਇਸ ਤਰ੍ਹਾਂ ਦੀ ਹਿੰਸਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮ ਵਾਲੀ ਗੱਲ ਹੈ "ਅਤੇ ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ, ਅਸੀਂ ਮਣੀਪੁਰ ਵਿੱਚ ਹਿੰਸਾ ਦੇ ਸ਼ਾਂਤਮਈ ਅਤੇ ਸਮਾਵੇਸ਼ੀ ਹੱਲ ਨੂੰ ਉਤਸ਼ਾਹਿਤ ਕਰਦੇ ਹਾਂ ਅਤੇ ਅਧਿਕਾਰੀਆਂ ਨੂੰ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਅਤੇ ਸਾਰੇ ਸਮੂਹਾਂ ਦੇ ਜੀਵਨ ਅਤੇ ਸੰਪਤੀ ਦੀ ਰੱਖਿਆ ਕਰਨ ਲਈ ਕੰਮ ਕਰਨ ਦਾ ਸੱਦਾ ਦਿੰਦੇ ਹਾਂ।"