ਨਿਊਯਾਰਕ/ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਣਕਿਆਸਿਆ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ‘ਗਾਜ਼ਾ ਪੱਟੀ ’ਤੇ ਆਪਣੀ ਮਾਲਕੀ ਕਾਇਮ ਕਰੇਗਾ’, ‘ਇਸ ਨੂੰ ਆਪਣੇ ਅਧੀਨ ਕਰੇਗਾ’ ਅਤੇ ਉੱਥੇ ਆਰਥਿਕ ਵਿਕਾਸ ਕਰੇਗਾ ਜਿਸ ਨਾਲ ਲੋਕਾਂ ਲਈ ‘ਵੱਡੀ ਗਿਣਤੀ ’ਚ ਰੁਜ਼ਗਾਰ ਤੇ ਰਿਹਾਇਸ਼’ ਦੇ ਮੌਕੇ ਮੁਹੱਈਆ ਹੋਣਗੇ। ਵ੍ਹਾਈਟ ਹਾਊਸ ’ਚ ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਇੱਕ ਸਾਂਝੇ ਪੱਤਰਕਾਰ ਸੰਮੇਲਨ ’ਚ ਇਹ ਗੱਲਾਂ ਕਹੀਆਂ। ਟਰੰਪ ਨੇ ਇਹ ਵੀ ਸੁਝਾਅ ਦਿੱਤਾ ਕਿ ਅਮਰੀਕਾ ਉਸ ਥਾਂ ਨੂੰ ਵਿਕਸਿਤ ਕਰੇਗਾ ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਕਿ ਉੱਥੇ ਕਿਸ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਟਰੰਪ ਨੇ ਕਿਹਾ, ‘ਅਮਰੀਕਾ ਗਾਜ਼ਾ ਪੱਟੀ ਨੂੰ ਆਪਣੇ ਅਧੀਨ ਲਵੇਗਾ ਅਤੇ ਅਸੀਂ ਇਸ ਨੂੰ ਵਿਕਸਿਤ ਕਰਾਂਗੇ। ਇਸ ’ਤੇ ਸਾਡਾ ਅਧਿਕਾਰ ਹੋਵੇਗਾ ਅਤੇ ਉੱਥੇ ਮੌਜੂਦ ਸਾਰੇ ਖਤਰਨਾਕ ਬੰਬ ਤੇ ਹੋਰ ਹਥਿਆਰ ਨਕਾਰਾ ਕਰਨ, ਥਾਂ ਨੂੰ ਪੱਧਰ ਕਰਨ ਤੇ ਤਬਾਹ ਹੋ ਚੁੱਕੀਆਂ ਇਮਾਰਤਾਂ ਹਟਾਉਣ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ।’