ਕੈਲੀਫੋਰਨੀਆ (ਵਿਸ਼ੇਸ਼)- ਸੁਨੀਤਾ ਵਿਲੀਅਮਜ਼ ਅਤੇ ਬੈਰੀ ਵਿਲਮੋਰ ਦੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵਾਪਸੀ ਇਕ ਵਾਰ ਫਿਰ ਟਲ ਜਾਣ ਤੋਂ ਬਾਅਦ ਦੋਵਾਂ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਚਿੰਤਾ ਪ੍ਰਗਟਾਈ ਹੈ। ਹੁਣ ਉਨ੍ਹਾਂ ਦੀ ਵਾਪਸੀ ਮਾਰਚ 2025 ਤੋਂ ਬਾਅਦ ਹੋ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਦੋਵਾਂ ਦੀ ਵਾਪਸੀ ਹੁਣ ਜਿੰਨੀ ਜ਼ਿਆਦਾ ਹੋਰ ਟਲੇਗੀ, ਉਨ੍ਹਾਂ ਦੀ ਸਿਹਤ ਲਈ ਖ਼ਤਰਾ ਓਨਾ ਹੀ ਵਧੇਗਾ। ਪੁਲਾੜ ’ਚ ਸੁਨੀਤਾ ਵਿਲੀਅਮਜ਼ ਦਾ ਭਾਰ ਘਟਿਆ ਹੈ, ਜਿਸ ਨਾਲ ਉਸ ਨੂੰ ਕੁਪੋਸ਼ਣ ਦਾ ਖ਼ਤਰਾ ਹੋ ਸਕਦਾ ਹੈ। ਹਾਲਾਂਕਿ ਨਾਸਾ ਨੇ ਕੁਪੋਸ਼ਣ ਦੀ ਗੱਲ ਨੂੰ ਗਲਤ ਕਰਾਰ ਦਿੱਤਾ ਹੈ। ਬਾਇਓਮੈਡੀਕਲ ਇੰਜੀਨੀਅਰ ਡਾ. ਜੌਨ ਜੈਕਿਸ਼ ਦਾ ਕਹਿਣਾ ਹੈ ਕਿ ਉਹ ਦੋਵੇਂ ਜਦੋਂ ਧਰਤੀ ’ਤੇ ਪਰਤਣਗੇ ਤਾਂ ਤੁਰਨ ਦੀ ਹਾਲਤ ’ਚ ਨਹੀਂ ਹੋਣਗੇ। ਉਨ੍ਹਾਂ ਦੀਆਂ ਹੱਡੀਆਂ ਬਹੁਤ ਨਾਜ਼ੁਕ ਹੋ ਗਈਆਂ ਹੋਣਗੀਆਂ, ਜੋ ਬਹੁਤ ਘੱਟ ਉਚਾਈ ਤੋਂ ਡਿੱਗਣ ਨਾਲ ਵੀ ਟੁੱਟ ਸਕਦੀਆਂ ਹਨ। ਉਨ੍ਹਾਂ ਦੇ ਸਰੀਰ ਨੂੰ ਆਮ ਪੱਧਰ ’ਤੇ ਵਾਪਸ ਆਉਣ ਲਈ ਕਈ ਮਹੀਨੇ ਲੱਗ ਸਕਦੇ ਹਨ। ਕੈਲੀਫੋਰਨੀਆ ਦੇ ਮਨੋਵਿਗਿਆਨੀ ਡਾਕਟਰ ਕੈਰੋਲ ਲੀਬਰਮੈਨ ਅਨੁਸਾਰ ਦੋਵਾਂ ਦੀ ਮਾਨਸਿਕ ਸਿਹਤ ’ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ। ਸੁਨੀਤਾ ਵਿਲੀਅਮਜ਼ ਅਤੇ ਬੈਰੀ ਵਿਲਮੋਰ ਨੇ ਇਸ ਸਾਲ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ 'ਤੇ ਸਪੇਸ ਸਟੇਸ਼ਨ ਲਈ ਉਡਾਣ ਭਰੀ ਸੀ। ਇਹ ਦੋਵੇਂ 6 ਜੂਨ ਨੂੰ ਪੁਲਾੜ ਸਟੇਸ਼ਨ 'ਤੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਇਕ ਹਫਤੇ ਬਾਅਦ ਧਰਤੀ 'ਤੇ ਪਰਤਣਾ ਸੀ ਪਰ ਇਕ ਸਟਾਰਲਾਈਨਰ 'ਚ ਤਕਨੀਕੀ ਖਰਾਬੀ ਕਾਰਨ ਉਨ੍ਹਾਂ ਦੀ ਵਾਪਸੀ ਰੋਕ ਦਿੱਤੀ ਗਈ ਸੀ। ਇਸ ਸਬੰਧ ਵਿਚ ਨਾਸਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਦੀ ਵਾਪਸੀ ਲਈ ਸਪੇਸ-ਐਕਸ ਜੋ ਕੈਪਸੂਲ ਤਿਆਰੀ ਕਰ ਰਿਹਾ ਹੈ, ਉਸ ਨੂੰ ਬਣਾਉਣ ਵਿਚ ਕੁਝ ਹੋਰ ਸਮਾਂ ਲੱਗੇਗਾ। ਸੰਭਾਵਤ ਤੌਰ 'ਤੇ ਸੁਨੀਤਾ ਵਿਲੀਅਮਜ਼ ਅਤੇ ਉਸ ਦੇ ਸਾਥੀ ਨੂੰ ਮਾਰਚ ਦੇ ਅੰਤ ਤੱਕ ਪੁਲਾੜ 'ਚ ਰਹਿਣਾ ਪਵੇਗਾ।
ਸਿਹਤ ਲਈ ਇਹ ਖਤਰੇ
- ਤੁਰਨਾ-ਫਿਰਨਾ ਘੱਟ ਹੋਣ ਦਾ ਸਿੱਧਾ ਅਸਰ ਮਾਸਪੇਸ਼ੀਆਂ ਅਤੇ ਹੱਡੀਆਂ ’ਤੇ ਪੈਂਦਾ ਹੈ।
- ਫ੍ਰੈਕਚਰ ਦਾ ਖਤਰਾ ਵਧ ਜਾਂਦਾ ਹੈ।
- ਜੇ ਮਾਸਪੇਸ਼ੀਆਂ ਦੀ ਬਹੁਤ ਜ਼ਿਆਦਾ ਖਰਾਬੀ ਹੁੰਦੀ ਹੈ ਤਾਂ ਅੰਗ ਫੇਲ ਹੋਣ ਦਾ ਖਤਰਾ ਵਧ ਜਾਂਦਾ ਹੈ।
- ਦਿਲ ਦੀ ਸਿਹਤ ’ਤੇ ਗੰਭੀਰ ਅਸਰ ਪੈ ਸਕਦਾ ਹੈ।
- ਘੱਟ ਗ੍ਰੈਵਿਟੀ ਕਾਰਨ ਹੱਡੀਆਂ, ਮਾਸਪੇਸ਼ੀਆਂ ਅਤੇ ਦਿਲ ਦੀਆਂ ਧਮਣੀਆਂ ਕਮਜ਼ੋਰ ਹੋ ਜਾਂਦੀਆਂ ਹਨ।