ਆਸਟਰੇਲੀਆ ਛੇਵੀਂ ਵਾਰੀ ਬਣਿਆ ਵਿਸ਼ਵ ਚੈਂਪੀਅਨ, ਫ਼ਾਈਨਲ ਮੈਚ ’ਚ ਭਾਰਤ ਨੂੰ 6 ਵਿਕੇਟਾਂ ਨਾਲ ਹਰਾਇਆ

ਆਸਟਰੇਲੀਆ ਛੇਵੀਂ ਵਾਰੀ ਬਣਿਆ ਵਿਸ਼ਵ ਚੈਂਪੀਅਨ, ਫ਼ਾਈਨਲ ਮੈਚ ’ਚ ਭਾਰਤ ਨੂੰ 6 ਵਿਕੇਟਾਂ ਨਾਲ ਹਰਾਇਆ

ਅਹਿਮਦਾਬਾਦ (ਬਿਓਰੋ) 

ਕ੍ਰਿਕੇਟ ਵਿਸ਼ਵ ਕੱਪ ਫ਼ਾਈਨਲ ਮੈਚ ’ਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਆਸਟਰੇਲੀਆ ਨੇ ਰੀਕਾਰਡ ਛੇਵੀਂ ਵਾਰੀ ਵਿਸ਼ਵ ਕੱਪ ਅਪਣੇ ਨਾਂ ਕਰ ਲਿਆ ਹੈ। ਇਸ ਤਰ੍ਹਾਂ ਸ਼ੁਰੂਆਤੀ ਦੋ ਮੈਚ ਹਾਰ ਕੇ ਕਮਜ਼ੋਰ ਸਮਝੀ ਜਾ ਰਹੀ ਇਸ ਟੀਮ ਨੇ ਕ੍ਰਿਕੇਟ ਦੀ ਦੁਨੀਆਂ ’ਚ ਅਪਣਾ ਦਬਦਬਾ ਮੁੜ ਸਥਾਪਤ ਕਰ ਦਿਤਾ ਹੈ। ਪਿਛਲੇ ਦਸ ਵਿਸ਼ਵ ਕੱਪ ਟੂਰਨਾਮੈਂਟ ’ਚ ਆਸਟਰੇਲੀਆ ਨੇ ਛੇ ਵਾਰੀ ਇਹ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਕਰੋੜਾਂ ਭਾਰਤੀਆਂ ਦੀਆਂ ਉਮੀਦਾਂ ’ਤੇ ਤੀਜੀ ਵਾਰੀ ਵਿਸ਼ਵ ਕੱਪ ਜਿੱਤਣ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਗੇਂਦਬਾਜ਼ ਸਿਰਾਜ ਟੀਮ ਦੀ ਹਾਰ ਤੋਂ ਬਾਅਦ ਮੈਦਾਨ ’ਤੇ ਰੋਂਦੇ ਹੋਏ ਦਿਸੇ। 

ਇਸ ਹਾਰ ਨੇ ਭਾਰਤੀ ਪ੍ਰਸ਼ੰਸਕਾਂ ਨੂੰ 2003 ਦੇ ਵਿਸ਼ਵ ਕੱਪ ਫ਼ਾਈਨਲ ਦੀ ਯਾਦ ਦਿਵਾ ਦਿਤੀ। 20 ਸਾਲ ਪਹਿਲਾਂ ਜੋਹਾਨਸਬਰਗ ਵਿਚ ਕੰਗਾਰੂਆਂ ਨੇ ਸਾਨੂੰ 125 ਦੌੜਾਂ ਨਾਲ ਹਰਾਇਆ ਸੀ। 2011 ’ਚ ਭਾਰਤ ਵਲੋਂ ਸ਼ੁਰੂ ਕੀਤਾ ਗਿਆ ਘਰੇਲੂ ਟੀਮ ਦੇ ਵਿਸ਼ਵ ਕੱਪ ਜਿੱਤਣ ਦਾ ਰਿਵਾਜ ਵੀ ਆਸਟਰੇਲੀਆ ਨੇ ਤੋੜ ਦਿਤਾ ਹੈ। ਭਾਰਤੀ ਬੱਲੇਬਾਜ਼ੀ ਵਿਰਾਟ ਕੋਹਲੀ ਨੂੰ ਟੂਰਨਾਮੈਂਟ ’ਚ ਸਭ ਤੋਂ ਵੱਧ 765 ਦੌੜਾਂ ਬਣਾਉਣ ਲਈ ‘ਪਲੇਅਰ ਆਫ਼ ਦ ਟੂਰਨਾਮੈਂਟ’ ਪੁਰਸਕਾਰ ਦਿਤਾ ਗਿਆ। 

ਪਹਿਲਾਂ ਬੱਲੇਬਾਜ਼ੀ ਕਰਦਿਆਂ ਕੇ.ਐਲ. ਰਾਹੁਲ ਅਤੇ ਵਿਰਾਟ ਕੋਹਲੀ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਭਾਰਤ 240 ਦੌੜਾਂ ਤਕ ਹੀ ਸੀਮਤ ਰਿਹਾ। ਜਵਾਬ ’ਚ ਆਸਟਰੇਲੀਆ ਦੀ ਟੀਮ ਨੇ ਚਾਰ ਵਿਕਟਾਂ ਗੁਆ ਕੇ 43 ਓਵਰਾਂ ’ਚ ਹੀ ਟੀਚਾ ਹਾਸਲ ਕਰ ਲਿਆ। ਭਾਰਤ ਵਲੋਂਂ ਜਸਪ੍ਰੀਤ ਬੁਮਰਾਹ ਨੇ 2 ਅਤੇ ਮੁਹੰਮਦ ਸ਼ਮੀ ਤੇ ਮੁਹੰਮਦ ਸਿਰਾਜ ਨੇ ਇਕ-ਇਕ ਵਿਕੇਟ ਲਿਆ। ਆਸਟਰੇਲੀਆ ਵਲੋਂ ਓਪਨਰ ਟਰੇਵਿਡ ਹੇਡ ਨੇ ਸਭ ਤੋਂ ਵੱਧ 137 ਦੌੜਾਂ ਬਣਾਈਆਂ। ਇਕ ਸਮੇਂ ਆਸਟਰੇਲੀਆ ਦੀਆਂ ਤਿੰਨ ਵਿਕਟਾਂ 47 ਦੌੜਾਂ ’ਤੇ ਡਿੱਗ ਗਈਆਂ ਸਨ ਅਤੇ ਮੈਚ ਭਾਰਤ ਦੇ ਹੱਕ ’ਚ ਜਾਂਦਾ ਦਿਸ ਰਿਹਾ ਸੀ ਪਰ ਮਾਰਨਸ ਲੇਬੁਸਚਾਂਗ ਨੇ ਹੇਡ ਨਾਲ ਮਿਲ ਕੇ 191 ਦੌੜਾਂ ਦੀ ਸਾਂਝੇਦਾਰੀ ਨਾਲ ਟੀਮ ਨੂੰ ਜਿੱਤ ਤਕ ਪਹੁੰਚਾਇਆ। ਮਾਰਨਸ ਨੇ 110 ਗੇਂਦਾਂ ’ਤੇ 58 ਦੌੜਾਂ ਬਣਾਈਆਂ। ਹੀਡ ਨੂੰ ‘ਪਲੇਅਰ ਆਫ਼ ਦ ਮੈਚ’ ਐਲਾਨ ਕੀਤਾ ਗਿਆ।