PBKS vs CSK Match Highlights: ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 18 ਦੌੜਾਂ ਨਾਲ ਹਰਾਇਆ ਹੈ। ਇਸ ਮੁਕਾਬਲੇ 'ਚ ਵੀ ਐਮ.ਐਸ. ਧੋਨੀ ਚੇਨਈ ਨੂੰ ਜਿੱਤ ਤੱਕ ਲੈ ਜਾਣ 'ਚ ਨਾਕਾਮ ਰਹੇ। ਪੰਜਾਬ ਨੇ ਪਹਿਲਾਂ ਖੇਡਦੇ ਹੋਏ 219 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ, ਜਿਸ ਵਿੱਚ ਸਭ ਤੋਂ ਵੱਡਾ ਯੋਗਦਾਨ ਪ੍ਰਿਯਾਂਸ਼ ਆਰੀਆ ਦੀ 103 ਦੌੜਾਂ ਦੀ ਸ਼ਤਕ ਪਾਰੀ ਦਾ ਰਿਹਾ। ਵੱਡੇ ਟਾਰਗੇਟ ਦੇ ਜਵਾਬ ਵਿੱਚ ਚੇਨਈ ਸੁਪਰ ਕਿੰਗਜ਼ ਦੀ ਟੀਮ ਸਿਰਫ 201 ਦੌੜਾਂ ਹੀ ਬਣਾ ਸਕੀ ਅਤੇ ਮੈਚ 18 ਦੌੜਾਂ ਨਾਲ ਹਾਰ ਗਈ।
ਅਖੀਰ 'ਚ CSK ਨੇ ਤੋੜੀ ਹਿੰਮਤ
ਚੇਨਈ ਸੁਪਰ ਕਿੰਗਜ਼ ਨੂੰ 220 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਦੇ ਜਵਾਬ ਵਿੱਚ ਰਚਿਨ ਰਵਿੰਦਰਾ ਅਤੇ ਡੇਵਨ ਕਾਨਵੇ ਨੇ ਚੰਗੀ ਸ਼ੁਰੂਆਤ ਦਿੱਤੀ। ਰਵਿੰਦਰਾ ਨੇ 36 ਦੌੜਾਂ ਬਣਾਈਆਂ ਅਤੇ ਕਾਨਵੇ ਨਾਲ ਮਿਲਕੇ 61 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਬਣਾਈ। ਕਪਤਾਨ ਰਿਤੂਰਾਜ ਗਾਇਕਵਾੜ ਸਿਰਫ 1 ਦੌੜ ਬਣਾ ਕੇ ਆਊਟ ਹੋ ਗਏ, ਜਿਸ ਕਾਰਨ ਚੇਨਈ ਮੁਸ਼ਕਲ ਵਿਚ ਦਿਖਣ ਲੱਗੀ। ਇਸ ਤੋਂ ਬਾਅਦ ਡੇਵਨ ਕਾਨਵੇ ਅਤੇ ਸ਼ਿਵਮ ਦੁਬੇ ਨੇ ਪਾਰੀ ਸੰਭਾਲੀ ਅਤੇ ਦੋਹਾਂ ਵਿਚਕਾਰ 89 ਦੌੜਾਂ ਦੀ ਭਾਰੀ ਭਰਕਮ ਸਾਂਝ ਬਣੀ। ਪਰ ਜਦੋਂ ਚੇਨਈ ਨੂੰ ਰਨ ਰਫਤਾਰ ਵਧਾਉਣ ਦੀ ਲੋੜ ਸੀ, ਓਸ ਸਮੇਂ 16ਵੇਂ ਓਵਰ 'ਚ ਸ਼ਿਵਮ ਦੁਬੇ 42 ਦੌੜਾਂ 'ਤੇ ਆਊਟ ਹੋ ਗਏ। ਦੁਬੇ ਉਸ ਸਮੇਂ ਆਊਟ ਹੋਏ ਜਦੋਂ ਚੇਨਈ ਨੂੰ ਜਿੱਤ ਲਈ 25 ਗੇਂਦਾਂ 'ਚ 69 ਦੌੜਾਂ ਚਾਹੀਦੀਆਂ ਸਨ। ਕਾਨਵੇ ਨੂੰ 69 ਦੌੜਾਂ 'ਤੇ ਰਿਟਾਇਰਡ ਆਊਟ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਥਾਂ ਰਵਿੰਦਰ ਜਡੇਜਾ ਬੈਟਿੰਗ ਲਈ ਆਏ। CSK ਦਾ ਇਹ ਫ਼ੈਸਲਾ ਸ਼ਾਇਦ ਥੋੜ੍ਹੀ ਦੇਰ ਨਾਲ ਲਿਆ ਗਿਆ, ਜੋ ਆਖ਼ਿਰ ਵਿੱਚ ਉਨ੍ਹਾਂ ਦੀ ਹਾਰ ਦਾ ਕਾਰਨ ਬਣਿਆ। ਹਾਲਾਤ ਇਹ ਸਨ ਕਿ ਚੇਨਈ ਨੂੰ ਆਖ਼ਰੀ 3 ਓਵਰਾਂ 'ਚ 59 ਦੌੜਾਂ ਦੀ ਲੋੜ ਸੀ ਅਤੇ ਜ਼ਰੂਰੀ ਰਨ ਰੇਟ ਕਾਫ਼ੀ ਤੇਜ਼ ਹੋ ਚੁੱਕਾ ਸੀ।
ਧੋਨੀ ਫਿਰ ਹੋਏ ਨਾਕਾਮ
ਐਮ.ਐਸ. ਧੋਨੀ ਵਧ ਰਹੀਆਂ ਆਲੋਚਨਾਵਾਂ ਦੇ ਵਿਚਾਲੇ ਪੰਜਵੇਂ ਨੰਬਰ 'ਤੇ ਬੈਟਿੰਗ ਕਰਨ ਆਏ। ਧੋਨੀ ਨੂੰ ਸੰਭਵਤਾ ਫਿਰ ਟ੍ਰੋਲ ਕੀਤਾ ਜਾਵੇਗਾ ਕਿਉਂਕਿ ਸਾਹਮਣੇ ਵੱਡਾ ਟੀਚਾ ਸੀ, ਪਰ 'ਥਾਲਾ' ਪਹਿਲੀਆਂ 4-5 ਗੇਂਦਾਂ 'ਤੇ ਸਿਰਫ਼ ਟੁਕ-ਟੁਕ ਕਰਦੇ ਨਜ਼ਰ ਆਏ। ਉਨ੍ਹਾਂ ਨੇ 12 ਗੇਂਦਾਂ 'ਚ 27 ਦੌੜਾਂ ਦੀ ਪਾਰੀ ਖੇਡ ਕੇ ਦਰਸ਼ਕਾਂ ਨੂੰ ਤਾਂ ਮਨੋਰੰਜਨ ਦਿੱਤਾ, ਪਰ ਇੱਕ ਫਿਨਿਸ਼ਰ ਦੀ ਭੂਮਿਕਾ ਨਿਭਾਉਣ 'ਚ ਫੇਲ ਰਹੇ ਧੋਨੀ ਹੁਣ ਕਿਤੇ ਨਾ ਕਿਤੇ CSK ਲਈ ਬੋਝ ਬਣਦੇ ਨਜ਼ਰ ਆ ਰਹੇ ਹਨ। ਦੱਸਣਾ ਯੋਗ ਹੈ ਕਿ ਇਹ IPL 2025 ਵਿੱਚ CSK ਦੀ ਲਗਾਤਾਰ ਚੌਥੀ ਹਾਰ ਹੈ।