Air Strike: ਭਾਰਤ ਨੇ ਪਾਕਿਸਤਾਨ ਦੇ ਸ਼ਹਿਰਾਂ ਲਾਹੌਰ, ਕਰਾਚੀ ਤੇ ਰਾਵਲਪਿੰਡੀ 'ਚ ਮਚਾਈ ਤਬਾਹੀ

Air Strike: ਭਾਰਤ ਨੇ ਪਾਕਿਸਤਾਨ ਦੇ ਸ਼ਹਿਰਾਂ ਲਾਹੌਰ, ਕਰਾਚੀ ਤੇ ਰਾਵਲਪਿੰਡੀ 'ਚ ਮਚਾਈ ਤਬਾਹੀ
India Air Strike Operation: ਭਾਰਤ ਨੇ ਆਪ੍ਰੇਸ਼ਨ ਸਿੰਦੂਰ ਤਹਿਤ ਦੂਜੇ ਦਿਨ ਪਾਕਿਸਤਾਨ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਵੀਰਵਾਰ ਸਵੇਰੇ ਭਾਰਤ ਨੇ ਪਾਕਿਸਤਾਨ ਦੇ ਤਿੰਨ ਵੱਡੇ ਸ਼ਹਿਰਾਂ ਲਾਹੌਰ, ਕਰਾਚੀ ਤੇ ਰਾਵਲਪਿੰਡੀ ਵਿੱਚ ਸਥਾਪਤ HQ-9 ਹਵਾਈ ਰੱਖਿਆ ਪ੍ਰਣਾਲੀਆਂ ਨੂੰ ਤਬਾਹ ਕਰ ਦਿੱਤਾ। ਨਿਊਜ਼ ਏਜੰਸੀ ANI ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤ ਨੇ ਹਮਲੇ ਲਈ ਇਜ਼ਰਾਈਲੀ ਹਾਰਪੀ ਡ੍ਰੋਨਾਂ ਦੀ ਵਰਤੋਂ ਕੀਤੀ। 
ਪਾਕਿਸਤਾਨ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਵੀਰਵਾਰ ਦੁਪਹਿਰ ਨੂੰ ਕਿਹਾ  ਕਿ ਭਾਰਤ ਨੇ ਪਾਕਿਸਤਾਨ ਦੇ 9 ਸ਼ਹਿਰਾਂ ਵਿੱਚ ਡ੍ਰੋਨ ਹਮਲੇ ਕੀਤੇ। ਪਾਕਿਸਤਾਨੀ ਫੌਜ ਨੇ ਘੱਟੋ-ਘੱਟ 50 ਡ੍ਰੋਨਾਂ ਨੂੰ ਡੇਗਣ ਵਿੱਚ ਕਾਮਯਾਬੀ ਹਾਸਲ ਕੀਤੀ। ਸ਼ਰੀਫ ਨੇ ਮੰਨਿਆ ਕਿ ਇੱਕ ਡ੍ਰੋਨ ਨੁਕਸਾਨ ਪਹੁੰਚਾਉਣ ਵਿੱਚ ਕਾਮਯਾਬ ਰਿਹਾ। ਲਾਹੌਰ ਵਿੱਚ 4 ਪਾਕਿਸਤਾਨੀ ਫੌਜ ਦੇ ਜਵਾਨ ਜ਼ਖਮੀ ਹੋਏ ਤੇ ਮਿਆਨੋ ਵਿੱਚ 2 ਲੋਕਾਂ ਦੀ ਮੌਤ ਹੋ ਗਈ।

ਉਧਰ, ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਦੇ ਅਹਾਤੇ ਵਿੱਚ ਇੱਕ ਡ੍ਰੋਨ ਹਮਲਾ ਹੋਇਆ। ਇਸ ਵਿੱਚ ਫੂਡ ਵੈਂਡਰਾਂ ਨੂੰ ਨੁਕਸਾਨ ਪਹੁੰਚਿਆ ਹੈ। ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਇਸ ਸਮੇਂ ਪਾਕਿਸਤਾਨ ਸੁਪਰ ਲੀਗ (PSL) ਦੇ ਮੈਚ ਚੱਲ ਰਹੇ ਹਨ। ਕੱਲ੍ਹ ਭਾਰਤ ਦੇ ਹਵਾਈ ਹਮਲੇ ਤੋਂ ਬਾਅਦ PSL ਦਾ ਇੱਕ ਮੈਚ ਰੱਦ ਕਰ ਦਿੱਤਾ ਗਿਆ ਸੀ।

ਪਾਕਿਸਤਾਨ ਨੇ ਦੋਸ਼ ਲਗਾਇਆ ਹੈ ਕਿ ਭਾਰਤ ਨੇ ਨੀਲਮ-ਜੇਹਲਮ ਪਣ-ਬਿਜਲੀ ਪ੍ਰੋਜੈਕਟ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਲੇ-ਦੁਆਲੇ ਦੀਆਂ ਬਸਤੀਆਂ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਇਹ ਹਮਲਾ ਅੱਧੀ ਰਾਤ ਤੋਂ ਸਵੇਰੇ 7 ਵਜੇ ਤੱਕ ਚੱਲਿਆ। ਗੁਆਂਢੀ ਦੇਸ਼ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਹੈ। ਪਣ-ਬਿਜਲੀ ਪ੍ਰੋਜੈਕਟ ਦੇ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਦੀਆਂ ਤਕਨੀਕੀ ਟੀਮਾਂ ਇਸ ਸਮੇਂ ਨੁਕਸਾਨ ਦਾ ਮੁਲਾਂਕਣ ਕਰ ਰਹੀਆਂ ਹਨ।

ਉਧਰ, ਅਮਰੀਕਾ ਨੇ ਲਾਹੌਰ ਦੂਤਾਵਾਸ ਦੇ ਸਟਾਫ ਨੂੰ ਸੁਰੱਖਿਅਤ ਥਾਂ 'ਤੇ ਜਾਣ ਲਈ ਕਿਹਾ ਹੈ। ਅਮਰੀਕਾ ਨੇ ਲਾਹੌਰ ਕੌਂਸਲੇਟ ਵਿੱਚ ਰਹਿਣ ਵਾਲੇ ਆਪਣੇ ਕਰਮਚਾਰੀਆਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਦਾ ਆਦੇਸ਼ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਨਿਰਦੇਸ਼ਾਂ ਵਿੱਚ ਕਿਹਾ ਹੈ ਕਿ ਡ੍ਰੋਨ ਵਿਸਫੋਟਾਂ ਤੇ ਸੰਭਾਵੀ ਹਵਾਈ ਹਮਲਿਆਂ ਦੀਆਂ ਰਿਪੋਰਟਾਂ ਦੇ ਵਿਚਕਾਰ ਕਰਮਚਾਰੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਨਾਹ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਭਾਰਤ ਤੇ ਪਾਕਿਸਤਾਨ ਵਿਚਕਾਰ ਟਕਰਾਅ ਵਿੱਚ ਚੀਨੀ ਲੜਾਕੂ ਜਹਾਜ਼ਾਂ ਦੇ ਸ਼ਾਮਲ ਹੋਣ ਦੀਆਂ ਖ਼ਬਰਾਂ ਦੇ ਸਬੰਧ ਵਿੱਚ ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਜਵਾਬੀ ਕਾਰਵਾਈ ਵਿੱਚ ਚੀਨੀ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ।