ਪਾਕਿਸਤਾਨ: ਬਲੋਚਿਸਤਾਨ ’ਚ ਐਕਸਪ੍ਰੈੱਸ ਰੇਲਗੱਡੀ ’ਤੇ ਗੋਲੀਬਾਰੀ

ਪਾਕਿਸਤਾਨ: ਬਲੋਚਿਸਤਾਨ ’ਚ ਐਕਸਪ੍ਰੈੱਸ ਰੇਲਗੱਡੀ ’ਤੇ ਗੋਲੀਬਾਰੀ

ਕਰਾਚੀ, 11 ਮਾਰਚ

ਪਾਕਿਸਤਾਨ ਦੇ ਗੜਬੜ ਵਾਲੇ ਪ੍ਰਾਂਤ ਬਲੋਚਿਸਤਾਨ ਵਿੱਚ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਐਕਸਪ੍ਰੈੱਸ ਰੇਲਗੱਡੀ ’ਤੇ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ ਕਈ ਯਾਤਰੀ ਜ਼ਖ਼ਮੀ ਹੋ ਗਏ। ਪ੍ਰਾਂਤ ਦੀ ਸਰਕਾਰ ਨੇ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਫੌਰੀ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ। ਉਪਰੰਤ ਦੇਰ ਰਾਤ ਸਰਕਾਰ ਦੇ ਤਰਜਮਾਨ ਨੇ ਦੱਸਿਆ ਕਿ ਰੇਲ ਗੱਡੀ ਵਿੱਚ ਸਵਾਰ 80 ਯਾਤਰੀਆਂ ਨੂੰ ਪਾਕਿਸਤਾਲੀ ਸੁਰੱਖਿਆ ਬਲਾਂ ਨੇ ਬਚਾਅ ਲਿਆ ਹੈ। ਬਲੋਚਿਸਤਾਨ ਸਰਕਾਰ ਦੇ ਤਰਜਮਾਨ ਸ਼ਾਹਿਦ ਰਿੰਦ ਨੇ ਕਿਹਾ, ‘‘ਕੋਇਟਾ ਤੋਂ ਖੈਬਰ ਪਖ਼ਤੂਨਖਵਾ ਦੇ ਪਿਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈੱਸ ਰੇਲਗੱਡੀ ’ਤੇ ਪੀਰੂ ਕੋਨੇਰੀ ਅਤੇ ਗਦਲਾਰ ਵਿਚਾਲੇ ਗੋਲੀਬਾਰੀ ਹੋਈ।’’ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰੇਲਗੱਡੀ ਨੂੰ ਪਟੜੀ ਤੋਂ ਲਾਹ ਕੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਬੀਐੱਲਏ ਦੇ ਦਾਅਵੇ ਮੁਤਾਬਕ ਛੇ ਸੁਰੱਖਿਆ ਮੁਲਾਜ਼ਮਾਂ ਦੀ ਹੱਤਿਆ ਕਰਨ ਮਗਰੋਂ 100 ਯਾਤਰੀਆਂ ਨੂੰ ਬੰਦੀ ਬਣਾਇਆ ਗਿਆ ਹੈ ਜਿਨ੍ਹਾਂ ਵਿੱਚ ਡਿਊਟੀ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਵੀ ਸ਼ਾਮਲ ਹਨ। ਹਾਲਾਂਕਿ, ਇਸ ਜਥੇਬੰਦੀ ਦੇ ਦਾਅਵੇ ਦੀ ਕੋਈ ਪੁਸ਼ਟੀ ਨਹੀਂ ਹੋਈ। ਇਕ ਬਿਆਨ ਵਿੱਚ ਬੀਐੱਲਏ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨੀ ਫੌਜ ਨੇ ਕੋਈ ਕਾਰਵਾਈ ਕੀਤੀ ਤਾਂ ਸਾਰੇ ਬੰਧਕਾਂ ਨੂੰ ਮਾਰ ਦਿੱਤਾ ਜਾਵੇਗਾ। ਇਸ ਜਥੇਬੰਦੀ ’ਤੇ ਪਾਕਿਸਤਾਨ, ਬਰਤਾਨੀਆ ਤੇ ਅਮਰੀਕਾ ਨੇ ਪਾਬੰਦੀ ਲਗਾਈ ਹੋਈ ਹੈ। ਮੌਤਾਂ ਸਬੰਧੀ ਕੋਈ ਸਰਕਾਰੀ ਅੰਕੜਾ ਮੌਜੂਦ ਨਹੀਂ ਹੈ ਪਰ ਸੁਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਵਿੱਚ ਰੇਲਗੱਡੀ ਦਾ ਚਾਲਕ ਤੇ ਕਈ ਯਾਤਰੀ ਜ਼ਖ਼ਮੀ ਹੋਏ ਹਨ। 

ਰੇਲਗੱਡੀ ਵਿੱਚ 500 ਦੇ ਕਰੀਬ ਯਾਤਰੀ ਕਰ ਰਹੇ ਸੀ ਸਫ਼ਰ: ਕੰਟਰੋਲਰ

ਰੇਲਵੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰੇਲ ਦਾ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਹੈ ਅਤੇ ਸਹਾਇਤਾ ਲਈ ਇਕ ਐਮਰਜੈਂਸੀ ਰੇਲਗੱਡੀ ਘਟਨਾ ਸਥਾਨ ਵੱਲ ਰਵਾਨਾ ਕਰ ਦਿੱਤੀ ਗਈ ਹੈ। ਰੇਲਵੇ ਦੇ ਕੰਟਰੋਲਰ ਮੁਹੰਮਦ ਕਾਸ਼ਿਫ ਨੇ ਕਿਹਾ ਕਿ ਰੇਲਗੱਡੀ ਦੇ ਨੌਂ ਡੱਬੇ ਹਨ ਅਤੇ ਇਸ ਵਿੱਚ 500 ਦੇ ਕਰੀਬ ਯਾਤਰੀ ਸਫ਼ਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਥਿਆਰਬੰਦ ਵਿਅਕਤੀਆਂ ਵੱਲੋਂ ਸੁਰੰਗ ਨੰਬਰ 8 ਵਿੱਚ ਰੇਲਗੱਡੀ ਨੂੰ ਰੋਕਿਆ ਗਿਆ। ਇਸ ਇਲਾਕੇ ਵਿੱਚ ਰੇਲਵੇ ਲਾਈਨ ’ਤੇ 17 ਸੁਰੰਗਾਂ ਹਨ ਅਤੇ ਰਸਤਾ ਔਖਾ ਹੋਣ ਕਰ ਕੇ ਅਕਸਰ ਇੱਥੇ ਰੇਲਗੱਡੀ ਹੌਲੀ ਹੋ ਜਾਂਦੀ ਹੈ। ਬਲੋਚਿਸਤਾਨ ਸਰਕਾਰ ਨੇ ਸਥਾਨਕ ਅਧਿਕਾਰੀਆਂ ਨੂੰ ਫੌਰੀ ਕਦਮ ਉਠਾਉਣ ਦੀ ਹਦਾਇਤ ਕੀਤੀ ਹੈ।