ਹਾਕੀ: ਭਾਰਤੀ ਮਹਿਲਾ ਟੀਮ ਸਪੇਨ ਹੱਥੋਂ ਹਾਰੀ

ਭੁਬਨੇਸ਼ਵਰ : ਭਾਰਤੀ ਮਹਿਲਾ ਹਾਕੀ ਟੀਮ ਨੂੰ ਅੱਜ ਇੱਥੇ ਐੱਫਆਈਐਚ ਪ੍ਰੋ ਲੀਗ ਦੇ ਰੋਮਾਂਚਕ ਮੈਚ ਵਿੱਚ ਸਪੇਨ ਹੱਥੋਂ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਬਲਜੀਤ ਕੌਰ, ਸਾਕਸ਼ੀ ਰਾਣਾ ਅਤੇ ਰੁਤਾਜਾ ਦਾਦਾਸੋ ਪਿਸਾਲ ਨੇ ਗੋਲ ਕੀਤੇ। ਇਸੇ ਤਰ੍ਹਾਂ ਸਪੇਨ ਲਈ ਐਸਟੇਲ ਪੇਟਚਾਮੇ ਨੇ ਦੋ, ਜਦਕਿ ਸੋਫੀਆ ਰੋਗੋਸਕੀ ਅਤੇ ਲੂਸੀਆ ਜਿਮੇਨੇਜ਼ ਨੇ ਇੱਕ-ਇੱਕ ਗੋਲ ਕੀਤਾ। ਭਾਰਤ ਨੇ ਦੂਜੇ ਕੁਆਰਟਰ ਵਿੱਚ ਬਲਜੀਤ ਕੌਰ (19ਵੇਂ ਮਿੰਟ) ਦੇ ਗੋਲ ਨਾਲ ਲੀਡ ਹਾਸਲ ਕੀਤੀ ਸੀ ਪਰ ਸਪੇਨ ਨੇ ਲਗਪਗ ਦੋ ਮਿੰਟਾਂ ਬਾਅਦ ਹੀ ਸੋਫੀਆ ਰੋਗੋਸਕੀ (21ਵੇਂ ਮਿੰਟ) ਦੇ ਗੋਲ ਨਾਲ ਬਰਾਬਰੀ ਕਰ ਦਿੱਤੀ। ਇਸ ਤੋਂ ਬਾਅਦ ਸਪੇਨ ਨੇ ਉਸੇ ਕੁਆਰਟਰ ਵਿਚ ਐਸਟੇਲ (25ਵੇਂ ਮਿੰਟ) ਦੇ ਗੋਲ ਨਾਲ ਲੀਡ ਹਾਸਲ ਕੀਤੀ। ਸਾਕਸ਼ੀ ਨੇ ਤੀਜੇ ਕੁਆਰਟਰ ’ਚ 38ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਕੀਤਾ ਅਤੇ ਬਾਅਦ ਵਿੱਚ ਰੁਤਾਜਾ ਦਾਦਾਸੋ ਪਿਸਾਲ ਨੇ 45ਵੇਂ ਮਿੰਟ ਵਿੱਚ ਗੋਲ ਕਰਕੇ ਮੇਜ਼ਬਾਨ ਟੀਮ ਨੂੰ ਅੱਗੇ ਕਰ ਦਿੱਤਾ। ਹਾਲਾਂਕਿ ਸਪੇਨ ਨੇ ਚੌਥੇ ਅਤੇ ਆਖ਼ਰੀ ਕੁਆਰਟਰ ’ਚ ਐਸਟੇਲ (49ਵੇਂ ਮਿੰਟ) ਅਤੇ ਲੂਸੀਆ (52ਵੇਂ ਮਿੰਟ) ਦੇ ਗੋਲਾਂ ਨਾਲ ਸ਼ਾਨਦਾਰ ਵਾਪਸੀ ਕਰਕੇ ਜਿੱਤ ਹਾਸਲ ਕਰ ਲਈ।