ਭਾਰਤ ਬਹੁਤ ਜ਼ਿਆਦਾ ਟੈਕਸ ਵਸੂਲਣ ਵਾਲਾ ਮੁਲਕ ਹੈ: ਟਰੰਪ

ਭਾਰਤ ਬਹੁਤ ਜ਼ਿਆਦਾ ਟੈਕਸ ਵਸੂਲਣ ਵਾਲਾ ਮੁਲਕ ਹੈ: ਟਰੰਪ

ਨਿਊ ਯਾਰਕ/ਵਾਸ਼ਿੰਗਟਨ, 7 ਮਾਰਚ

India is very high tariff nation ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਬਹੁਤ ਜ਼ਿਆਦਾ ਟੈਕਸ ਵਸੂਲਣ ਵਾਲਾ ਮੁਲਕ ਹੈ। ਟਰੰਪ ਨੇ ਮੁੜ ਕਿਹਾ ਕਿ ਅਮਰੀਕੀ ਵਸਤਾਂ ’ਤੇ ਟੈਕਸ ਲਗਾਉਣ ਵਾਲੇ ਮੁਲਕਾਂ ਉੱਤੇ ਜਵਾਬੀ ਟੈਕਸ 2 ਅਪਰੈਲ ਤੋਂ ਲਾਗੂ ਹੋਣਗੇ। ਉਨ੍ਹਾਂ ਕਿਹਾ, ‘‘ਸਭ ਤੋਂ ਵੱਡੀ ਗੱਲ 2 ਅਪਰੈਲ ਨੂੰ ਹੋਵੇਗੀ ਜਦੋਂ ਜਵਾਬੀ ਟੈਕਸ (Reciprocal Tax) ਲਾਗੂ ਹੋਣਗੇ, ਫਿਰ ਚਾਹੇ ਉਹ ਭਾਰਤ ਹੋਵੇ ਜਾਂ ਚੀਨ ਜਾਂ ਫਿਰ ਕੋਈ ਹੋਰ ਮੁਲਕ…ਭਾਰਤ ਬਹੁਤ ਜ਼ਿਆਦਾ ਟੈਕਸ ਲਗਾਉਣ ਵਾਲਾ ਮੁਲਕ ਹੈ।’’ 

ਟਰੰਪ ਨੇ ਵੀਰਵਾਰ ਨੂੰ ਓਵਲ ਦਫ਼ਤਰ ਵਿਚ ਕੁਝ ਸਰਕਾਰੀ ਹੁਕਮਾਂ ’ਤੇ ਸਹੀ ਪਾਉਂਦਿਆਂ ਕਿਹਾ, ‘‘ਮੈਂ ਤੁਹਾਨੂੰ ਦੱਸਦਾ ਹਾਂ ਕਿ ਸਭ ਤੋਂ ਵੱਧ ਟੈਕਸ ਵਸੂਲਣ ਵਾਲਾ ਦੇਸ਼ ਕੌਣ ਹੈ। ਉਹ ਕੈਨੇਡਾ ਹੈ। ਕੈਨੇਡਾ ਸਾਡੇ ਕੋਲੋਂ ਦੁੱਧ ਉਤਪਾਦਾਂ ਤੇ ਹੋਰਨਾਂ ਉਤਪਾਦਾਂ ’ਤੇ 250 ਫੀਸਦ ਟੈਕਸ ਲੈਂਦਾ ਹੈ।’’ਟਰੰਪ ਨੇ ਕਿਹਾ ਕਿ ਅਜੇ ਟੈਕਸ ‘ਅਸਥਾਈ’ ਤੇ ‘ਘੱਟ’ ਹਨ, ਪਰ ਜਵਾਬੀ ਟੈਕਸ 2 ਅਪਰੈਲ ਤੋਂ ਲਾਗੂ ਹੋਣਗੇ, ਜੋ ਸਾਡੇ ਮੁਲਕ ਲਈ ‘ਵੱਡੀ ਤਬਦੀਲੀ’ ਵਾਲੇ ਹੋਣਗੇ। ਅਮਰੀਕੀ ਸਦਰ ਨੇ ਕਿਹਾ, ‘‘ਵਿਸ਼ਵ ਦੇ ਹਰ ਮੁਲਕ ਨੇ ਸਾਨੂੰ ਲੁੱਟਿਆ ਹੈ। ਉਹ ਸਾਡੇ ਕੋਲੋਂ 150-200 ਫੀਸਦ ਟੈਕਸ ਵਸੂਲਦੇ ਹਨ ਤੇ ਅਸੀਂ ਉਨ੍ਹਾਂ ਕੋੋਲੋਂ ਕੁਝ ਨਹੀਂ ਲੈਂਦੇ। ਲਿਹਾਜ਼ਾ ਉਹ ਸਾਡੇ ਕੋਲੋਂ ਜਿਹੜਾ ਟੈਕਸ ਵਸੂਲਣਗੇ, ਅਸੀਂ ਵੀ ਓਨਾ ਹੀ ਟੈਕਸ ਵਸੂਲਾਂਗੇ ਤੇ ਇਸ ਤੋਂ ਕੋਈ ਬਚ ਨਹੀਂ ਸਕਦਾ।’’