ਚੈਂਪੀਅਨਜ਼ ਟਰਾਫੀ: ਭਾਰਤ ਤੇ ਆਸਟਰੇਲੀਆ ਵਿਚਾਲੇ ਸੈਮੀਫਾਈਨਲ ਅੱਜ

ਚੈਂਪੀਅਨਜ਼ ਟਰਾਫੀ: ਭਾਰਤ ਤੇ ਆਸਟਰੇਲੀਆ ਵਿਚਾਲੇ ਸੈਮੀਫਾਈਨਲ ਅੱਜ
ਦੁਬਈ, 3 ਮਾਰਚ ; ਭਾਰਤੀ ਇੱਕ ਰੋਜ਼ਾ ਕ੍ਰਿਕਟ ਟੀਮ ਜਦੋਂ ਮੰਗਲਵਾਰ ਨੂੰ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਵਿੱਚ ਆਸਟਰੇਲੀਆ ਨਾਲ ਭਿੜੇਗੀ, ਤਾਂ ਇਹ ਸਪਿੰਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਬਦੌਲਤ 14 ਸਾਲਾਂ ਤੋਂ ਆਈਸੀਸੀ ਟੂਰਨਾਮੈਂਟਾਂ ਦੇ ਨਾਕਆਊਟ ਮੈਚਾਂ ਵਿੱਚ ਮਿਲ ਰਿਹਾ ਹਰ ਜ਼ਖ਼ਮ ਭਰਨਾ ਚਾਹੇਗੀ। ਇਸ ਦੇ ਨਾਲ ਹੀ 2023 ਵਿੱਚ ਘਰੇਲੂ ਧਰਤੀ ’ਤੇ ਵਿਸ਼ਵ ਕੱਪ ਫਾਈਨਲ ਵਿੱਚ ਮਿਲੀ ਹਾਰ ਦਾ ਬਦਲਾ ਲੈਣ ਦਾ ਵੀ ਇਹ ਸੁਨਹਿਰੀ ਮੌਕਾ ਹੋਵੇਗਾ। ਹਾਲਾਂਕਿ ਇਹ ਇੰਨਾ ਸੌਖਾ ਵੀ ਨਹੀਂ ਕਿਉਂਕਿ ਆਸਟਰੇਲਿਆਈ ਟੀਮ ਪੈਟ ਕਮਿਨਸ, ਜੋਸ਼ ਹੇਜ਼ਲਵੁੱਡ ਅਤੇ ਮਿਸ਼ੇਲ ਸਟਾਰਕ ਤੋਂ ਬਿਨਾਂ ਵੀ ਮਜ਼ਬੂਤ ਹੈ। ਮੈਚ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 2:30 ਵਜੇ ਤੋਂ ਸ਼ੁਰੂ ਹੋਵੇਗਾ। ਭਾਰਤੀ ਟੀਮ ਦੀ ਅਗਵਾਈ ਰੋਹਿਤ ਸ਼ਰਮਾ, ਜਦਕਿ ਆਸਟਰੇਲੀਆ ਦੀ ਅਗਵਾਈ ਸਟੀਵ ਸਮਿਥ ਕਰ ਰਿਹਾ ਹੈ।

ਭਾਰਤ ਨੇ ਆਖਰੀ ਵਾਰ ਆਈਸੀਸੀ ਟੂਰਨਾਮੈਂਟ ਦੇ ਨਾਕਆਊਟ ਗੇੜ ਵਿੱਚ ਆਸਟਰੇਲੀਆ ਨੂੰ 2011 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਹਰਾਇਆ ਸੀ। ਭਾਰਤ ਨੂੰ ਆਸਟਰੇਲੀਆ ਹੱਥੋਂ 2015 ਇੱਕ ਰੋਜ਼ਾ ਵਿਸ਼ਵ ਕੱਪ ਸੈਮੀਫਾਈਨਲ ਅਤੇ 2023 ਦੇ ਰੋਜ਼ਾ ਵਿਸ਼ਵ ਕੱਪ ਫਾਈਨਲ ਵਿੱਚ ਆਸਟਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਆਸਟਰੇਲੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2023 ਵਿੱਚ ਵੀ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਇਸ ਵਾਰ ਭਾਰਤੀ ਟੀਮ ਪਿਛਲੇ 14 ਸਾਲਾਂ ਦੀਆਂ ਅਸਫਲਤਾਵਾਂ ਦਾ ਬਦਲਾ ਲੈਣ ਉਤਰੇਗੀ। 

ਭਾਰਤ ਕੋਲ ਉੱਚ ਪੱਧਰ ਦੇ ਸਪਿੰਨਰ ਹਨ। ਟੂਰਨਾਮੈਂਟ ਤੋਂ ਪਹਿਲਾਂ ਟੀਮ ਵਿੱਚ ਪੰਜ ਸਪਿੰਨਰਾਂ ਨੂੰ ਸ਼ਾਮਲ ਕਰਨ ਦੇ ਫ਼ੈਸਲੇ ਦੀ ਭਾਰੀ ਆਲੋਚਨਾ ਹੋਈ ਸੀ ਪਰ ਹੁਣ ਇਹ ਦੁਬਈ ਦੀਆਂ ਪਿੱਚਾਂ ’ਤੇ ਮਾਸਟਰਸਟ੍ਰੋਕ ਸਾਬਤ ਹੋ ਰਿਹਾ ਹੈ। ਵਰੁਣ ਚੱਕਰਵਰਤੀ, ਕੁਲਦੀਪ ਯਾਦਵ, ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਦੀ ਭਾਰਤੀ ਸਪਿੰਨ ਚੌਕੜੀ ਨੇ ਬੀਤੇ ਦਿਨ ਨਿਊਜ਼ੀਲੈਂਡ ਖ਼ਿਲਾਫ਼ ਨੌਂ ਵਿਕਟਾਂ ਲਈਆਂ। ਦੂਜੇ ਪਾਸੇ ਆਸਟਰੇਲੀਆ ਕੋਲ ਐਡਮ ਜ਼ੈਂਪਾ ਦੇ ਰੂਪ ਵਿੱਚ ਸਿਰਫ਼ ਇੱਕ ਹੀ ਮਾਹਿਰ ਸਪਿੰਨਰ ਹੈ। ਇਸ ਤੋਂ ਇਲਾਵਾ ਹਰਫਨਮੌਲਾ ਖਿਡਾਰੀ ਗਲੈਨ ਮੈਕਸਵੈੱਲ ਅਤੇ ਟਰੈਵਿਸ ਹੈੱਡ ਵੀ ਠੀਕ-ਠਾਕ ਸਪਿੰਨ ਗੇਂਦਬਾਜ਼ੀ ਕਰ ਲੈਂਦੇ ਹਨ, ਜਿਨ੍ਹਾਂ ਤੋਂ ਆਸਟਰੇਲੀਆ ਨੂੰ ਕਾਫੀ ਉਮੀਦ ਹੋਵੇਗੀ।

ਉਧਰ ਭਾਰਤੀ ਬੱਲੇਬਾਜ਼ ਵੀ ਚੰਗੀ ਲੈਅ ਵਿੱਚ ਨਜ਼ਰ ਆ ਰਹੇ ਹਨ। ਇਨ੍ਹਾਂ ’ਚੋਂ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਇਸ ਟੂਰਨਾਮੈਂਟ ਵਿੱਚ ਸੈਂਕੜੇ ਮਾਰ ਚੁੱਕੇ ਹਨ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਅਤੇ ਸ਼੍ਰੇਅਸ ਅਈਅਰ ਵੀ ਚੰਗੇ ਲੈਅ ’ਚ ਨਜ਼ਰ ਆਏ ਹਨ। 

ਵਰੁਣ ਦੇ ਚੰਗੇ ਪ੍ਰਦਰਸ਼ਨ ਮਗਰੋਂ ਚਾਰ ਸਪਿੰਨਰ ਚੰਗਾ ਸੁਮੇਲ: ਰੋਹਿਤ

ਦੁਬਈ: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਹ ਨਹੀਂ ਦੱਸਿਆ ਕਿ ਉਹ ਆਸਟਰੇਲੀਆ ਖ਼ਿਲਾਫ਼ ਚੈਂਪੀਅਨਜ਼ ਟਰਾਫੀ ਸੈਮੀਫਾਈਨਲ ਵਿੱਚ ਚਾਰ ਸਪਿੰਨਰ ਉਤਾਰੇਗਾ ਜਾਂ ਨਹੀਂ ਪਰ ਇਹ ਜ਼ਰੂਰ ਕਿਹਾ ਕਿ ਨਿਊਜ਼ੀਲੈਂਡ ਵਿਰੁੱਧ ਵਰੁਣ ਚੱਕਰਵਰਤੀ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਇਹ ਚੰਗਾ ਸੁਪੇਲ ਹੈ। ਰੋਹਿਤ ਨੇ ਕਿਹਾ, ‘ਅਸੀਂ ਆਸਟਰੇਲੀਆ ਦੀ ਬੱਲੇਬਾਜ਼ੀ ਅਨੁਸਾਰ ਗੇਂਦਬਾਜ਼ਾਂ ਦੀ ਚੋਣ ਕਰਾਂਗੇ।’ ਭਾਰਤ ਨੇ ਨਿਊਜ਼ੀਲੈਂਡ ਵਿਰੁੱਧ ਚੱਕਰਵਰਤੀ, ਕੁਲਦੀਪ ਯਾਦਵ, ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਨੂੰ ਮੈਦਾਨ ਵਿੱਚ ਉਤਾਰਿਆ ਸੀ ਤੇ ਇਨ੍ਹਾਂ ਚਾਰਾਂ ਨੇ ਮਿਲ ਕੇ ਨੌਂ ਵਿਕਟਾਂ ਲਈਆਂ। ਰੋਹਿਤ ਨੇ ਸੈਮੀਫਾਈਨਲ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਸਾਨੂੰ ਸੋਚਣਾ ਪਵੇਗਾ। ਜੇ ਅਸੀਂ ਚਾਰ ਸਪਿੰਨਰਾਂ ਨੂੰ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਹਾਂ, ਤਾਂ ਚਾਰ ਸਪਿੰਨਰਾਂ ਲਈ ਜਗ੍ਹਾ ਕਿਵੇਂ ਬਣੇਗੀ। ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਅਸੀਂ ਇੱਥੋਂ ਦੇ ਹਾਲਾਤ ਤੋਂ ਜਾਣੂ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਕੀ ਕੰਮ ਕਰੇਗਾ ਅਤੇ ਕੀ ਨਹੀਂ। ਅਸੀਂ ਵਿਚਾਰ ਕਰਾਂਗੇ ਕਿ ਸਹੀ ਸੁਮੇਲ ਕੀ ਹੋਵੇਗਾ ਪਰ ਇਹ ਬਹੁਤ ਹੀ ਲੁਭਾਉਣ ਵਾਲਾ ਬਦਲ ਹੈ।’ ਜ਼ਿਕਰਯੋਗ ਹੈ ਕਿ ਬੀਤੇ ਦਿਨ ਨਿਊਜ਼ੀਲੈਂਡ ਖ਼ਿਲਾਫ਼ ਮੈਚ ਦੌਰਾਨ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਦੀ ਜਗ੍ਹਾ ਖੇਡਦਿਆਂ ਸਪਿੰਨਰ ਚੱਕਰਵਰਤੀ ਨੇ 42 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਰੋਹਿਤ ਨੇ ਕਿਹਾ, ‘ਉਸ ਨੇ ਦਿਖਾ ਦਿੱਤਾ ਕਿ ਉਹ ਕੀ ਕਰ ਸਕਦਾ ਹੈ। ਹੁਣ ਸਾਨੂੰ ਸੋਚਣਾ ਪਵੇਗਾ ਕਿ ਟੀਮ ਦਾ ਸਹੀ ਸੁਮੇਲ ਕੀ ਹੋਵੇਗਾ। ਉਸ ਨੇ ਇੱਕ ਮੈਚ ਖੇਡਿਆ ਅਤੇ ਬਿਲਕੁਲ ਉਸੇ ਤਰ੍ਹਾਂ ਪ੍ਰਦਰਸ਼ਨ ਕੀਤਾ ਜਿਵੇਂ ਅਸੀਂ ਚਾਹੁੰਦੇ ਸੀ।’