ਚੈਂਪੀਅਨਜ਼ ਟਰਾਫੀ: ਭਾਰਤ ਨੇ ਬੰਗਲਾਦੇਸ਼ ਨੂੰ ਛੇ ਵਿਕਟਾਂ ਨਾਲ ਹਰਾਇਆ

ਚੈਂਪੀਅਨਜ਼ ਟਰਾਫੀ: ਭਾਰਤ ਨੇ ਬੰਗਲਾਦੇਸ਼ ਨੂੰ ਛੇ ਵਿਕਟਾਂ ਨਾਲ ਹਰਾਇਆ

SPORTS (ਦੁਬਈ) : ਮੁਹੰਮਦ ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਸ਼ੁਭਮਨ ਗਿੱਲ (101 ਦੌੜਾਂ) ਦੇ ਨਾਬਾਦ ਸੈਂਕੜੇ ਸਦਕਾ ਭਾਰਤ ਨੇ ਅੱਜ ਇੱਥੇ ਬੰਲਗਾਦੇਸ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ ’ਚ ਜਿੱਤ ਨਾਲ ਆਪਣੀ ਮੁਹਿੰਮ ਸ਼ੁਰੂ ਕੀਤੀ। ਭਾਰਤ ਨੇ ਜਿੱਤ ਲਈ ਲੋੜੀਂਦਾ 229 ਦੌੜਾਂ ਦਾ ਟੀਚਾ ਚਾਰ ਵਿਕਟਾਂ ਗੁਆ ਕੇ 231 ਬਣਾਉਂਦਿਆਂ 46.3 ਓਵਰਾਂ ’ਚ ਹਾਸਲ ਕੀਤਾ। ਬੰਗਲਾਦੇਸ਼ ਨੇ 228 ਦੌੜਾਂ ਬਣਾਈਆਂ ਸਨ। ਜਿੱਤ ਲਈ ਟੀਚੇ ਦਾ ਪਿੱਛਾ ਕਰਦਿਆਂ ਸਲਾਮੀ ਬੱਲੇਬਾਜ਼ਾਂ ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਭਾਰਤ ਨੂੰ ਵਧੀਆ ਸ਼ੁਰੂਆਤ ਦਿਵਾਈ ਪਰ ਰੋਹਿਤ 41 ਦੌੜਾਂ ਬਣਾ ਕੇ ਆਊਟ ਹੋ ਗਿਆ, ਜਦਕਿ ਗਿੱਲ ਇੱਕ ਪਾਸੇ ਡਟਿਆ ਰਿਹਾ। ਸ਼ੁਭਮਨ ਨੇ 101 ਦੌੜਾਂ ਦੀ ਨਾਬਾਦ ਪਾਰੀ ਖੇਡਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਉਸ ਨੇ ਆਪਣੀ ਪਾਰੀ ’ਚ ਨੌਂ ਚੌਕੇ ਤੇ ਦੋ ਛੱਕੇ ਜੜੇ। ਕੇਐੱਲ ਰਾਹੁਲ 41 ਦੌੜਾਂ ਬਣਾ ਕੇ ਨਾਬਾਦ ਰਿਹਾ। ਜਿੱਤ ’ਚ ਵਿਰਾਟ ਕੋਹਲੀ ਨੇ 22 ਦੌੜਾਂ, ਸ਼੍ਰੇਅਸ ਅਈਅਰ 15 ਤੇ ਅਕਸ਼ਰ ਪਟੇਲ ਨੇ 8 ਦੌੜਾਂ ਦਾ ਯੋਗਦਾਨ ਪਾਇਆ। ਬੰਗਲਾਦੇਸ਼ ਵੱਲੋਂ ਆਰ. ਹੁਸੈਨ ਨੇ ਦੋ ਵਿਕਟਾਂ ਲਈਆਂ ਜਦਕਿ ਤਸਕੀਨ ਅਹਿਮਦ ਤੇ ਮੁਸਤਫੀਜ਼ੁਰ ਰਹਿਮਾਨ ਨੂੰ ਇੱਕ-ਇੱਕ ਵਿਕਟ ਮਿਲੀ। ਇਸ ਤੋਂ ਪਹਿਲਾਂ ਮੁਹੰਮਦ ਸ਼ਮੀ ਦੀ ਅਗਵਾਈ ’ਚ ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ 49.4 ਓਵਰਾਂ ’ਚ 228 ਦੌੜਾਂ ਹੀ ਆਊਟ ਕਰ ਦਿੱਤਾ। ਹਾਲਾਂਕਿ ਤੌਹੀਦ ਹਿਰਦੌਏ (100 ਦੌੜਾਂ) ਤੇ ਜਾਕਰ ਅਲੀ (68 ਦੌੜਾਂ) ਨੇ ਭਾਰਤੀ ਗੇਂਦਬਾਜ਼ਾਂ ਦਾ ਕੁਝ ਹੱਦ ਤੱਕ ਮੁਕਾਬਲਾ ਕੀਤਾ। ਸ਼ਮੀ ਨੇ ਪੰਜ ਵਿਕਟਾਂ, ਹਰਿਸ਼ਤ ਰਾਣਾ ਨੇ ਤਿੰਨ ਅਤੇ ਅਕਸ਼ਰ ਪਟੇਲ ਨੇ ਦੋ ਵਿਕਟਾਂ ਲਈਆਂ। ਭਾਰਤ ਦਾ ਅਗਲਾ ਮੈਚ ਐਤਵਾਰ ਨੂੰ ਪਾਕਿਸਤਾਨ ਨਾਲ ਹੋਵੇਗਾ। 

ਮੁਹੰਮਦ ਸ਼ਮੀ ਸਭ ਤੋਂ ਤੇਜ਼ 200 ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣਿਆ

ਦੁਬਈ: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅੱਜ ਇੱਥੇ ਬੰਗਲਾਦੇਸ਼ ਖ਼ਿਲਾਫ਼ ਮੈਚ ਦੌਰਾਨ ਇੱਕ ਦਿਨਾ ਕ੍ਰਿਕਟ ’ਚ ਸਭ ਤੇਜ਼ 200 ਵਿਕਟਾਂ ਲੈਣ ਵਾਲਾ ਭਾਰਤੀ ਅਤੇ ਕੁੱਲ ਮਿਲਾ ਕੇ ਦੂਜਾ ਤੇਜ਼ ਗੇਦਬਾਜ਼ ਬਣ ਗਿਆ। ਸ਼ਮੀ ਨੇ ਆਪਣੇ 104ਵੇਂ ਮੈਚ ਦੌਰਾਨ ਤੀਜੀ ਵਿਕਟ ਹਾਸਲ ਕਰਦਿਆਂ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਜੀਤ ਅਗਰਕਰ (133 ਮੈਚਾਂ ’ਚ 200 ਵਿਕਟਾਂ) ਦਾ ਰਿਕਾਰਡ ਤੋੜਿਆ। ਇਸ ਦੇ ਨਾਲ ਸ਼ਮੀ 60 ਵਿਕਟਾਂ ਲੈ ਕੇ ਆਈਸੀਸੀ ਦੇ 50 ਓਵਰਾਂ ਵਾਲੇ ਟੂਰਨਾਮੈਂਟਾਂ (ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ) ’ਚ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਭਾਰਤੀ ਗੇਂਦਬਾਜ਼ ਵੀ ਬਣਿਆ। ਇਸ ਮਾਮਲੇ ’ਚ ਉਸ ਨੇ ਜ਼ਹੀਰ ਖ਼ਾਨ (59 ਵਿਕਟਾਂ) ਨੂੰ ਪਿੱਛੇ ਛੱਡਿਆ। ਉਂਜ ਮੁਹੰਮਦ ਸ਼ੰਮੀ 200 ਵਿਕਟਾਂ ਲੈਣ ਵਾਲਾ 8ਵਾਂ ਭਾਰਤੀ ਗੇਂਦਬਾਜ਼ ਹੈ।