Blast In Amritsar News : ਅੰਮ੍ਰਿਤਸਰ ਦੇ ਇਸਲਾਮਾਬਾਦ ਵਿੱਚ ਧਮਾਕਾ ਕਿਵੇਂ ਹੋਇਆ, ਕਿਸ ਨੇ ਕੀਤਾ ਅਤੇ ਕਿਉਂ ਹੋਇਆ ਆਦਿ ਕਾਰਨਾਂ ਨੂੰ ਲੈ ਕੇ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪਰ ਇਸ ਦੇ ਦੂਜੇ ਪਾਸੇ ਇਸ ਧਮਾਕੇ ਨੂੰ ਲੈ ਕੇ ਗੈਂਗਸਟਰ ਜੀਵਨ ਫੌਜੀ (Gangster life soldier) ਨੇ ਇੱਕ ਪੋਸਟ ਸਾਂਝੀ ਕਰਕੇ ਖੁਦ ਇਸ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਪੋਸਟ ਰਾਹੀਂ ਪੰਜਾਬ ਪੁਲਿਸ (Punjab Police) ਨੂੰ ਵੀ ਸਿੱਧੀ ਧਮਕੀ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਪੁਲਿਸ ਵਾਲਾ ਸਿੱਖ ਦੀ ਪੱਗ ਨੂੰ ਹੱਥ ਪਾਵੇਗਾ ਤਾਂ ਉਸ ਦੇ ਪਰਿਵਾਰ ਦੀ ਖੈਰ ਨਹੀਂ।
ਕੀ ਕਹਿੰਦੀ ਹੈ ਗੈਂਗਸਟਰ ਦੀ ਪੋਸਟ ?
ਗੈਂਗਸਟਰ ਜੀਵਨ ਫੌਜੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ ਰਾਹੀਂ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਵਿੱਚ ਗ੍ਰੇਨੇਡ ਧਮਾਕਾ ਹੋਣ ਬਾਰੇ ਕਿਹਾ ਹੈ ਅਤੇ ਖੁਦ ਇਸ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਅੱਗੇ ਕਿਹਾ, ''1984 ਤੋਂ ਬਾਅਦ ਸਰਕਾਰਾਂ ਨੇ ਜੋ ਹੁਣ ਤੱਕ ਸਿੱਖਾਂ ਨਾਲ ਅਤੇ ਇਨ੍ਹਾਂ ਦੇ ਪਰਿਵਾਰਾਂ ਨਾਲ ਕੀਤਾ ਤੇ ਜੋ ਇਹ ਅੱਗੇ ਕਰਨਗੇ, ਉਸ ਦਾ ਜਵਾਬ ਏਦਾਂ ਮਿਲੂ, ਜੇ ਇਸ ਵਰਦੀ ਨੇ ਸਿੱਖਾਂ ਦੇ ਘਰ ਛੁਡਵਾਏ ਤਾਂ ਇਨ੍ਹਾਂ ਦੇ ਵੀ ਨਹੀਂ ਰਹਿਣੇ, ਜਿਨ੍ਹਾਂ ਠਾਣਿਆਂ ਦੀਆਂ ਕੰਧਾਂ ਉਚੀਆਂ ਕਰਵਾਈਆਂ, ਉਹ ਵੀ ਤਿਆਰ ਰਹਿਣ ਜਵਾਬ ਮਿਲੂਗਾ।'' ਪੋਸਟ 'ਚ ਅੱਗੇ ਕਿਹਾ ਗਿਆ ਹੈ, ''ਬਾਕੀ ਰਹੀ ਗੱਲ ਪੱਗਾਂ ਨੂੰ ਲਾਹੁਣ ਦਾ ਸ਼ੌਕ, ਇਨ੍ਹਾਂ ਨੂੰ ਜਿਹੜਾ ਪੁਲਿਸ ਵਾਲਾ ਹੁਣ ਸਿੱਖ ਦੀ ਪੱਗ ਨੂੰ ਹੱਥ ਪਾਵੇਗਾ, ਉਸ 'ਤੇ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਉਸ ਦੀ ਆਪਣੀ ਤੇ ਆਪਣੀ ਪਰਿਵਾਰ ਦੀ ਜ਼ਿੰਮੇਵਾਰੀ ਖੁਦ ਦੀ ਹੋਵੇਗੀ।''
ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਐਨਆਈਈ ਦੀ ਪੰਜਾਬ ਪੁਲਿਸ ਨਾਲ ਸਾਂਝੀ ਕੀਤੀ ਰਿਪੋਰਟ 'ਚ ਖੁਲਾਸਾ ਹੋਇਆ ਸੀ ਪੰਜਾਬ 'ਚ ਮੁੜ ਅੱਤਵਾਦੀ ਸਾਜਿਸ਼ ਰਚੀ ਜਾ ਰਹੀ ਹੈ।
ਪੋਸਟ ਬਾਰੇ ਪੁਲਿਸ ਕਮਿਸ਼ਨਰ ਦਾ ਕੀ ਹੈ ਕਹਿਣਾ ?
ਉਧਰ, ਧਮਾਕੇ ਅਤੇ ਗੈਂਗਸਟਰ ਵੱਲੋਂ ਜ਼ਿੰਮੇਵਾਰੀ ਲੈਣ ਦੇ ਸਬੰਧ 'ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ। ਥਾਣੇ 'ਚ ਜੇਕਰ ਅਜਿਹੀ ਕੋਈ ਗੱਲ ਹੁੰਦੀ ਤਾਂ ਇਸ ਨੂੰ ਕਿਵੇਂ ਲੁਕੋਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪਿਛਲੇ ਦਿਨਾਂ ਸ਼ਰਾਰਤੀ ਅਨਸਰਾਂ ਦੇ ਇੱਕ ਮਡਿਊਲ ਦੇ ਕਈ ਅਨਸਰਾਂ ਨੂੰ ਫੜਿਆ ਗਿਆ ਹੈ ਅਤੇ ਇਹੋ ਜਿਹੀਆਂ ਪੋਸਟਾਂ ਪਾ ਕੇ ਉਹ ਮੀਡੀਆ ਵਿੱਚ ਆਪਣੀ ਨਾਮ ਬਣਾ ਕੇ ਰੱਖਣਾ ਚਾਹੁੰਦੇ ਹਨ।