ਪ੍ਰਿਅੰਕਾ ਗਾਂਧੀ ਦੇ ਫਲਸਤੀਨ ਲਿਖੇ ਬੈਗ ਦੀ ਪਾਕਿਸਤਾਨ ਦੇ ਸਾਬਕਾ ਮੰਤਰੀ ਨੇ ਕੀਤੀ ਤਾਰੀਫ਼

ਪ੍ਰਿਅੰਕਾ ਗਾਂਧੀ ਦੇ ਫਲਸਤੀਨ ਲਿਖੇ ਬੈਗ ਦੀ ਪਾਕਿਸਤਾਨ ਦੇ ਸਾਬਕਾ ਮੰਤਰੀ ਨੇ ਕੀਤੀ ਤਾਰੀਫ਼

ਨਵੀਂ ਦਿੱਲੀ : ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਸੋਮਵਾਰ ਨੂੰ ਫਲਸਤੀਨ ਲਿਖਿਆ ਬੈਗ ਲੈ ਕੇ ਸੰਸਦ ਪਹੁੰਚੀ। ਹੁਣ ਉਨ੍ਹਾਂ ਦੇ ਇਸ ਕਦਮ ਦੀ ਪਾਕਿਸਤਾਨ ਵਿਚ ਵੀ ਤਾਰੀਫ਼ ਹੋ ਰਹੀ ਹੈ। ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਹਸਨ ਚੌਧਰੀ ਨੇ ਪ੍ਰਿਅੰਕਾ ਗਾਂਧੀ ਦੀ ਇਹ ਤਸਵੀਰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸ਼ੇਅਰ ਕੀਤੀ ਹੈ। 

ਕੀ ਕਿਹਾ ਫਵਾਦ ਚੌਧਰੀ ਨੇ?
ਪਾਕਿਸਤਾਨੀ ਨੇਤਾ ਫਵਾਦ ਚੌਧਰੀ ਨੇ ਲਿਖਿਆ, 'ਜਵਾਹਰ ਲਾਲ ਨਹਿਰੂ ਵਰਗੇ ਮਹਾਨ ਆਜ਼ਾਦੀ ਘੁਲਾਟੀਏ ਦੀ ਪੋਤੀ ਤੋਂ ਅਸੀਂ ਹੋਰ ਕੀ ਉਮੀਦ ਕਰ ਸਕਦੇ ਹਾਂ? ਪ੍ਰਿਅੰਕਾ ਗਾਂਧੀ ਬੌਣਿਆਂ ਦੇ ਵਿਚਕਾਰ ਉੱਚੀ-ਉੱਚੀ ਖੜ੍ਹੀ ਹੈ, ਸ਼ਰਮ ਦੀ ਗੱਲ ਹੈ ਕਿ ਅੱਜ ਤੱਕ ਕਿਸੇ ਪਾਕਿਸਤਾਨੀ ਸੰਸਦ ਮੈਂਬਰ ਨੇ ਅਜਿਹੀ ਹਿੰਮਤ ਨਹੀਂ ਦਿਖਾਈ।

ਪ੍ਰਿਅੰਕਾ ਗਾਂਧੀ ਸੰਸਦ ਪਹੁੰਚੀ ਸੀ
ਦੱਸਣਯੋਗ ਹੈ ਕਿ ਕਾਂਗਰਸ ਸੰਸਦ ਪ੍ਰਿਅੰਕਾ ਗਾਂਧੀ ਵਾਡਰਾ ਸੋਮਵਾਰ ਨੂੰ ਫਲਸਤੀਨ ਦੇ ਲੋਕਾਂ ਦੇ ਪ੍ਰਤੀ ਸਮਰਥਨ ਅਤੇ ਇਕਜੁੱਟਤਾ ਨੂੰ ਦਰਸਾਉਂਦੇ ਹੋਏ, "ਫਲਸਤੀਨ" ਲਿਖਿਆ ਹੋਇਆ ਹੈਂਡਬੈਗ ਲੈ ਕੇ ਸੰਸਦ ਪਹੁੰਚੀ। ਕਾਂਗਰਸ ਦੀ ਜਨਰਲ ਸਕੱਤਰ ਅਤੇ ਵਾਇਨਾਡ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਜ਼ਾ ਵਿਚ ਇਜ਼ਰਾਈਲ ਦੀ ਕਾਰਵਾਈ ਖਿਲਾਫ ਆਪਣੀ ਆਵਾਜ਼ ਉਠਾਉਂਦੀ ਰਹੀ ਹੈ। ਪ੍ਰਿਅੰਕਾ ਗਾਂਧੀ ਜੋ ਬੈਗ ਲੈ ਕੇ ਸੰਸਦ 'ਚ ਗਈ ਸੀ, ਉਸ 'ਤੇ 'ਫਲਸਤੀਨ' ਲਿਖਿਆ ਹੋਇਆ ਸੀ ਅਤੇ ਇਸ 'ਤੇ ਤਰਬੂਜ਼ ਵਰਗੇ ਫਲਸਤੀਨੀ ਚਿੰਨ੍ਹ ਵੀ ਸਨ, ਜਿਸ ਨੂੰ ਫਲਸਤੀਨੀ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਤਰਬੂਜ਼ ਫਲਸਤੀਨੀ ਸੱਭਿਆਚਾਰ ਦਾ ਇਕ ਮਹੱਤਵਪੂਰਨ ਹਿੱਸਾ ਰਿਹਾ ਹੈ। ਕੱਟੇ ਹੋਏ ਤਰਬੂਜ਼ ਦੀ ਤਸਵੀਰ ਅਤੇ ਇਮੋਜੀ ਅਕਸਰ ਫਲਸਤੀਨ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਲਈ ਵਰਤੇ ਜਾਂਦੇ ਹਨ। ਦਰਅਸਲ, ਪ੍ਰਿਅੰਕਾ ਗਾਂਧੀ ਫਲਸਤੀਨ ਅਤੇ ਗਾਜ਼ਾ ਦੇ ਪੀੜਤਾਂ ਲਈ ਲਗਾਤਾਰ ਆਵਾਜ਼ ਉਠਾ ਰਹੀ ਹੈ। ਇਸ ਸਾਲ ਅਕਤੂਬਰ 'ਚ ਹਮਾਸ ਅਤੇ ਇਜ਼ਰਾਈਲ ਵਿਚਾਲੇ ਸ਼ੁਰੂ ਹੋਈ ਜੰਗ ਨੂੰ ਇਕ ਸਾਲ ਬੀਤ ਜਾਣ 'ਤੇ ਵੀ ਪ੍ਰਿਅੰਕਾ ਗਾਂਧੀ ਨੇ ਇਜ਼ਰਾਇਲ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਅੰਕਾ ਨੇ ਗਾਜ਼ਾ 'ਚ ਵਧਦੀਆਂ ਮੌਤਾਂ ਦਰਮਿਆਨ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਗਾਜ਼ਾ 'ਤੇ ਹਰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਪ੍ਰਿਅੰਕਾ ਨੇ ਕਿਹਾ ਸੀ ਕਿ 7000 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਵੀ ਹਿੰਸਾ ਦਾ ਸਿਲਸਿਲਾ ਰੁਕਿਆ ਨਹੀਂ ਹੈ। ਇਨ੍ਹਾਂ ਵਿੱਚੋਂ 3,000 ਮਾਸੂਮ ਬੱਚੇ ਸਨ। ਵਾਇਨਾਡ ਤੋਂ ਚੋਣ ਲੜਦੇ ਹੋਏ ਵੀ ਪ੍ਰਿਅੰਕਾ ਗਾਂਧੀ ਨੇ ਲਗਾਤਾਰ ਫਲਸਤੀਨ ਦਾ ਮੁੱਦਾ ਉਠਾਇਆ ਸੀ।