ਅਮਰੀਕਾ ਦੀ ਪ੍ਰਸਿੱਧ ਸਿਆਨਾ ਸੰਸਥਾ ਦੁਆਰਾ 50 ਸਾਲਾ ਸਲਾਨਾ ਸਿੱਖ ਗੁਰਮਤਿ ਕੈਂਪ ਆਯੋਜਿਤ

ਅਮਰੀਕਾ ਦੀ ਪ੍ਰਸਿੱਧ ਸਿਆਨਾ ਸੰਸਥਾ ਦੁਆਰਾ 50 ਸਾਲਾ ਸਲਾਨਾ ਸਿੱਖ ਗੁਰਮਤਿ ਕੈਂਪ ਆਯੋਜਿਤ
ਸਿੱਖ ਨੌਜਵਾਨਾਂ ਵਿੱਚ ਅਧਿਆਤਮਿਕ ਚੇਤਨਾ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਪੈਦਾ ਕਰਨ ਲਈ ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ (ਸਿਆਨਾ) ਨਾਂ ਦੀ ਸੰਸਥਾ ਨੇ ਅਮਰੀਕਾ ਦੇ ਸੂਬੇ ਮਿਸ਼ੀਗਨ ਦੇ ਸ਼ਹਿਰ ਫੈਂਟਨ ਦੇ ਐਮ.ਸੀ.ਏ ਦੇ ਕੈਂਪ ਕੋਪਨੇਕੋਨਿਕ ਵਿੱਚ ਇੱਕ ਹਫ਼ਤੇ ਲਈ ਗੁਰਮਤਿ ਕੈਂਪ ਲਗਾਇਆ। ਇਸ ਸਲਾਨਾ ਕੈਂਪ ਦੇ 50ਵੇਂ ਸਾਲ ਵਿੱਚ ਸ਼ਾਮਲ ਹੋਣ ਵਾਲੇ ਬੱਚਿਆਂ ਅਤੇ ਸੇਵਾਦਾਰਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ, ਜੋ ਕਿ ਬਹੁਤ ਹੀ ਉਤਸੁਕਤਾ ਨਾਲ ਸਿੱਖ ਧਰਮ ਦੀਆਂ ਸਿੱਖਿਆਵਾਂ ਵਿੱਚ ਲੀਨ ਹੋ ਗਏ। ਇਸ ਸੰਬੰਧ ਵਿੱਚ ਸਿਆਨਾ ਸੰਸਥਾ ਦੇ ਸੰਸਥਾਪਕ ਅਤੇ ਰਾਸ਼ਟਰੀ ਕਨਵੀਨਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਾਲਾਨਾ ਕੈਂਪ ਦਾ ਉਦੇਸ਼ ਪੂਰੇ ਉੱਤਰੀ ਅਮਰੀਕਾ ਦੇ ਸਿੱਖ ਨੌਜਵਾਨਾਂ ਨੂੰ ਇੱਕ ਅਜਿਹੇ ਮਾਹੌਲ ਵਿੱਚ ਲਿਆਉਣਾ ਹੈ ਜਿੱਥੇ ਸਿੱਖੀ ਜੀਵਨ ਦਾ ਅਨੁਭਵ ਕੀਤਾ ਜਾ ਸਕੇ। 

ਜ਼ਿਕਰਯੋਗ ਹੈ ਕਿ ਪਿਛਲੇ 50 ਸਾਲਾਂ ਤੋਂ ਸਿੱਖ ਬੱਚਿਆਂ ਲਈ ਗਰਮੀਆਂ ਵਿੱਚ ਇੱਕ ਹਫ਼ਤੇ ਲਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਨੇ ਸਾਡੇ ਸਿੱਖ ਪੰਥ ਦੇ ਨੌਜਵਾਨ ਮੈਂਬਰਾਂ ਨੂੰ ਕੀਰਤਨ, ਪਾਠ, ਗੁਰਮਤਿ, ਇਤਿਹਾਸ ਅਤੇ ਸਭ ਤੋਂ ਮਹੱਤਵਪੂਰਨ ਗੁਰੂ-ਮੁਖੀ ਸੰਗਤ ਪ੍ਰਦਾਨ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ “ਸਿੱਖ ਧਰਮ ਦੀਆਂ ਪ੍ਰੇਰਨਾਦਾਇਕ ਪਰੰਪਰਾਵਾਂ ਵਿੱਚ ਲੀਨ ਹੋ ਕੇ ਇਹ ਨੌਜਵਾਨ ਸਿੱਖੀ ਦੇ ਰਾਹ ‘ਤੇ ਚੱਲਦੇ ਰਹਿਣ ਅਤੇ ਸਿੱਖੀ ਲਈ ਆਪਣੇ ਪਿਆਰ ਨੂੰ ਹੋਰ ਉਤਸ਼ਾਹਿਤ ਕਰਨ ਦੀ ਉਮੀਦ ਵਿੱਚ ਗੁਰੂ ਦੇ ਸੰਦੇਸ਼ ਦੀ ਝਲਕ ਪਾਉਂਦੇ ਹਨ। ਇਹ ਕੈਂਪ ਉਹਨਾਂ ਰਿਸ਼ਤਿਆਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਸੰਗਤ ਰਾਹੀਂ ਅਧਿਆਤਮਿਕ ਅਨੁਭਵ ਨੂੰ ਮਜ਼ਬੂਤ ਕਰਦੇ ਹਨ।