ਮੈਕਸਿਕੋ ਵੱਲੋਂ ਅਮਰੀਕਾ ਨਾਲ ਲੱਗਦੀ ਸਰਹੱਦ ’ਤੇ 10000 ਫ਼ੌਜੀ ਤਾਇਨਾਤ

ਮੈਕਸਿਕੋ ਵੱਲੋਂ ਅਮਰੀਕਾ ਨਾਲ ਲੱਗਦੀ ਸਰਹੱਦ ’ਤੇ 10000 ਫ਼ੌਜੀ ਤਾਇਨਾਤ

ਸਿਊਦਾਦ ਜੁਆਰੇਜ਼ (ਮੈਕਸਿਕੋ) : ਮੈਕਸਿਕੋ ਦੇ ‘ਨੈਸ਼ਨਲ ਗਾਰਡ’ ਦੇ ਜਵਾਨ ਅਤੇ ਫੌਜ ਦੇ ਕਈ ਟਰੱਕ ਬੀਤੇ ਦਿਨ ਸਿਊਦਾਦ ਜੁਆਰੇਜ਼ ਅਤੇ ਟੈਕਸਾਸ ਦੇ ਐੱਲ ਪਾਸੋ ਨੂੰ ਵੱਖ ਕਰਨ ਵਾਲੀ ਸਰਹੱਦ ’ਤੇ ਦੇਖੇ ਗਏ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਕਸ ਲਗਾਏ ਜਾਣ ਦੀਆਂ ਧਮਕੀਆਂ ਤੋਂ ਬਾਅਦ ਮੈਕਸਿਕੋ ਨੇ ਆਪਣੀ ਉੱਤਰੀ ਸਰਹੱਦ ’ਤੇ 10,000 ਸੈਨਿਕ ਭੇਜੇ ਹਨ। ਸਿਊਦਾਦ ਜੁਆਰੇਜ਼ ਦੇ ਬਾਹਰਲੇ ਇਲਾਕੇ ਵਿੱਚ ਨਕਾਬਪੋਸ਼ ਅਤੇ ਹਥਿਆਰਬੰਦ ਨੈਸ਼ਨਲ ਗਾਰਡ ਦੇ ਮੈਂਬਰ ਬੈਰੀਅਰਾਂ ਦੇ ਨਾਲ ਝਾੜੀਆਂ ਵਿੱਚੋਂ ਲੰਘਦੇ ਹੋਏ ਦੇਖੇ ਗਏ। ਤਿਜੁਆਨਾ ਨੇੜੇ ਵੀ ਸੈਨਿਕਾਂ ਨੂੰ ਗਸ਼ਤ ਕਰਦੇ ਹੋਏ ਦੇਖਿਆ ਗਿਆ। ਭਾਰੀ ਟੈਕਸ ਲਗਾਉਣ ਦੇ ਟਰੰਪ ਦੇ ਐਲਾਨ ਤੋਂ ਬਾਅਦ ਇਹ ਘਟਨਾਕ੍ਰਮ ਹੋਇਆ ਹੈ।  ਮੈਕਸਿਕੋ ਦੀ ਰਾਸ਼ਟਰਪਤੀ ਕਲੌਡੀਆ ਸ਼ਿਨਬੌਮ ਨੇ ਵਾਅਦਾ ਕੀਤਾ ਕਿ ਉਹ ਸਰਹੱਦ ਨੂੰ ਮਜ਼ਬੂਤ ਕਰਨ ਅਤੇ ਫੈਂਟਾਨਾਈਲ (ਦਰਦ ਤੋਂ ਰਾਹਤ ਲਈ ਇਸਤੇਮਾਲ ਕੀਤੀ ਜਾਣ ਵਾਲੀ ਦਵਾਈ) ਡਰੱਗ ਦੀ ਤਸਕਰੀ ਰੋਕਣ ਲਈ ਦੇਸ਼ ਦੇ ਨੈਸ਼ਨਲ ਗਾਰਡ ਦੇ ਸੈਨਿਕਾਂ ਨੂੰ ਸਰਹੱਦ ’ਤੇ ਤਾਇਨਾਤ ਰੱਖਣਗੇ। ਪਿਛਲੇ ਇਕ ਸਾਲ ਵਿੱਚ ਗੈਰ ਕਾਨੂੰਨੀ ਪਰਵਾਸ ਵਿੱਚ ਨਿਘਾਰ ਆਉਣ ਅਤੇ ਫੈਂਟਾਨਾਈਲ ਦੇ ਹੱਦੋਂ ਵੱਧ ਇਸਤੇਮਾਲ ਵਿੱਚ ਜ਼ਿਕਰਯੋਗ ਨਿਘਾਰ ਆਉਣ ਦੇ ਬਾਵਜੂਦ ਟਰੰਪ ਨੇ ਸਰਹੱਦ ’ਤੇ ਐਮਰਜੈਂਸੀ ਐਲਾਨ ਦਿੱਤੀ ਹੈ। ਮੈਕਸਿਕੋ ਸਰਕਾਰ ਦੇ ਇਕ ਬਿਆਨ ਮੁਤਾਬਕ, ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਲਾਤਿਨੀ ਅਮਰੀਕਾ ਦੇ ਆਪਣੇ ਦੌਰੇ ਦੌਰਾਨ, ਸਰਹੱਦ ’ਤੇ ਸੈਨਿਕਾਂ ਦੀ ਤਾਇਨਾਤੀ ਲਈ ਮੈਕਸਿਕੋ ਸਰਕਾਰ ਦਾ ਧੰਨਵਾਦ ਕੀਤਾ ਸੀ।