ਸਿਵਲ ਹਸਪਤਾਲ ’ਚ ਡੇਢ ਮਹੀਨੇ ਤੋਂ ਬੰਦ ਪਏ ਕੋਰੋਨਾ ਟੈਸਟ

ਸਿਵਲ ਹਸਪਤਾਲ ’ਚ ਡੇਢ ਮਹੀਨੇ ਤੋਂ ਬੰਦ ਪਏ ਕੋਰੋਨਾ ਟੈਸਟ
ਗੁਰਦਾਸਪੁਰ ਦੇ ਹੈੱਡ ਕੁਆਰਟਰ ਦੇ ਮੁੱਖ ਸਰਕਾਰੀ ਹਸਪਤਾਲ ’ਚ ਕੋਰੋਨਾ ਨਾਲ ਸਬੰਧਤ ਆਰ. ਟੀ. ਪੀ. ਸੀ. ਆਰ ਦੇ ਟੈਸਟ ਲਗਭਗ ਡੇਢ ਮਹੀਨੇ ਤੋਂ ਬੰਦ ਪਏ ਹਨ। ਜ਼ਿਕਰਯੋਗ ਹੈ ਕਿ ਇਸ ਟੈਸਟ ਦੇ ਸੈਂਪਲ ਲੈ ਕੇ ਗੁਰਦਾਸਪੁਰ ਤੋਂ ਰੋਜ਼ਾਨਾ ਅੰਮ੍ਰਿਤਸਰ ਲਈ ਹਸਪਤਾਲ ਪ੍ਰਸ਼ਾਸਨ ਵੱਲੋਂ ਗੱਡੀ ਭੇਜਣੀ ਪੈਂਦੀ ਸੀ ਅਤੇ ਅੰਮ੍ਰਿਤਸਰ ਤੋਂ ਰਿਪੋਰਟ ਬਣ ਕੇ ਵਾਪਸ ਆਉਂਦੀ ਸੀ ਪਰ ਫੰਡ ਨਾ ਹੋਣ ਕਾਰਨ ਇਹ ਟੈਸਟ 5 ਮਈ ਤੋਂ ਬੰਦ ਪਏ ਹਨ। ਆਰ. ਟੀ. ਪੀ. ਆਰ. ਇਕ ਅਜਿਹਾ ਟੈਸਟ ਹੈ, ਜੋ ਹਰ ਤਰ੍ਹਾਂ ਦੀ ਐਮਰਜੈਂਸੀ ਦੀ ਸੂਰਤ ’ਚ ਜ਼ਰੂਰੀ ਹੈ। ਪ੍ਰੈਗਨੈਂਸੀ, ਸਾਹ ਸਬੰਧੀ ਬੀਮਾਰੀਆਂ, ਅਪ੍ਰੇਸ਼ਨ ਜਿਹੀ ਐਮਰਜੈਂਸੀ ਤੋਂ ਇਲਾਵਾ ਆਊਟ ਆਫ਼ ਕੰਟਰੀ ਟਰੈਵਲਿੰਗ ਅਤੇ ਕਰਤਾਰਪੁਰ ਕੋਰੀਡੋਰ ’ਤੇ ਜਾਣ ਲਈ ਵੀ ਇਹ ਟੈਸਟ ਬੇਹੱਦ ਜ਼ਰੂਰੀ ਹੈ ਪਰ ਲਗਭਗ ਡੇਢ ਮਹੀਨੇ ਤੋਂ ਜ਼ਿਲੇ ਦੇ ਸਭ ਤੋਂ ਵੱਡੇ ਹਸਪਤਾਲ ਵਿਚ ਇਹ ਟੈਸਟ ਬੰਦ ਪਏ ਹਨ।