ਜੇਕਰ ਤੁਸੀਂ ਇੰਸਟਾਗ੍ਰਾਮ ਦੀਆਂ ਰੀਲਾਂ ਦੇ ਪੱਟੇ ਹੋਏ ਹੋ ਤਾਂ ਬੀਤੇ 5-7 ਦਿਨਾਂ ਤੋਂ ਫੈਜ਼ਲ ਜੱਟ ਦੇ ਐਨਕਾਊਂਟਰ ਦੀਆਂ ਰੀਲਾਂ ਵੀ ਕਾਫੀ ਦੇਖੀਆਂ ਹੋਣਗੀਆਂ। ਫੈਜ਼ਲ ਹੰਜ ਦੀਆਂ ਕਈ ਵੀਡੀਓ ਖ਼ਾਸਕਰ ਉਸਦਾ ਇਕ ਡਾਇਲੋਗ ਜੋ ਕਿ ਆਖਰੀ ਸਮੇਂ ਦਾ ਦੱਸਿਆ ਜਾ ਰਿਹੈ ਕਿ “ਜੇ ਨੱਸ ਗਿਆ ਤਾਂ ਜੱਟ ਨਾ ਆਖਿਓ” ਕਾਫੀ ਵਾਇਰਲ ਹੋ ਰਿਹਾ ਹੈ। ਤੁਹਾਡੇ ਵੀ ਸਵਾਲ ਆਇਆ ਹੋਣਾ ਹੈ ਕਿ ਆਖ਼ਰ ਇਹ ਫੈਜ਼ਲ ਜੱਟ ਉਰਫ ਫੈਜ਼ਲ ਹੰਜ ਕੌਣ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ… ਬੀਤੇ ਵੀਰਵਾਰ ਨੂੰ ਗੁਆਂਢੀ ਸੂਬੇ ਪਾਕਿਸਤਾਨ ਦੇ ਗੁਜਰਾਤ ਵਿਚ ਇਕ ਵੱਡਾ ਐਨਕਾਊਂਟਰ ਹੋਇਆ। ਇਥੇ ਦੇ ਕਕਰਾਲੀ ਥਾਣਾ ਦੇ ਹੰਜ ਪਿੰਡ ਵਿੱਚ ਪੁਲਸ ਨਾਲ ਘੱਟੋ-ਘੱਟ 14 ਘੰਟੇ ਤੱਕ ਚੱਲੇ ‘ਮੁਕਾਬਲੇ’ ਵਿੱਚ ਘੱਟੋ-ਘੱਟ ਚਾਰ ਲੋਕ, ਅਰਥਾਤ ਇੱਕ ਕਥਿਤ ਡਰੱਗ ਡੀਲਰ, ਜੋ ਕਿ ਘੋਸ਼ਿਤ ਅਪਰਾਧੀ ਵੀ ਸੀ, ਅਤੇ ਉਸ ਦਾ ਭਤੀਜਾ ਅਤੇ ਦੋ ਸਾਥੀ ਮਾਰੇ ਗਏ।
ਮੁੱਖ ਸ਼ੱਕੀ, ਫੈਸਲ ਸ਼ਹਿਜ਼ਾਦ, ਇੱਕ ਵੱਡਾ ਡਰੱਗ ਡੀਲਰ ਸੀ ਜਿਸਦਾ ਇਲਾਕੇ ਵਿਚ ਖੂਬ ਰਸੂਖ ਵੀ ਸੀ। ਨਸ਼ਾ ਤਸਕਰ ਕਿਸੇ ਸਿਆਸੀ ਸ਼ਹਿ ਬਗੈਰ ਨਸ਼ੇ ਦਾ ਸਾਮਰਾਜ ਨਹੀਂ ਫੈਲਾ ਸਕਦਾ ਇਹ ਅਸੀਂ ਸਾਰੇ ਹੀ ਜਾਣਦੇ ਹਾਂ। ਸਭ ਕੁਝ ਠੀਕ ਚੱਲ ਰਿਹਾ ਸੀ ਕਿ ਫੈਜ਼ਲ ਤੋਂ ਇਕ ਵੱਡੀ ਗਲਤੀ ਹੋ ਗਈ। ਜਿਵੇਂ ਭਾਰਤ ਵਿਚ ਸਪੈਸ਼ਲ ਟਾਸਕ ਫੋਰਸ ਜਾਂ ਹੋਰ ਸਪੈਸ਼ਲ ਫੋਰਸਾਂ ਹੁੰਦੀਆਂ ਹਨ ਉਸੇ ਤਰੀਕੇ ਪਾਕਿਸਤਾਨ ਵਿਚ ਇਲੀਟ ਫੋਰਸ ਹੁੰਦੀ ਹੈ। ਇਕ ਕਥਿਤ ਮੁਕਾਬਲੇ ਵਿਚ ਫੈਜ਼ਲ ਉਤੇ ਪਾਕਿਸਤਾਨ ਦੀ ਇਲੀਟ ਫੋਰਸ ਦੇ ਇੱਕ ਅਧਿਕਾਰੀ ਨੂੰ ਮਾਰਨ ਅਤੇ ਇੱਕ ਹੋਰ ਨੂੰ ਜ਼ਖਮੀ ਕਰਨ ਦਾ ਦੋਸ਼ ਸੀ। ਬੱਸ ਇਸੇ ਘਟਨਾਕ੍ਰਮ ਪਿੱਛੋਂ ਫੈਜ਼ਲ ਪਾਕਿਸਤਾਨੀ ਇਲੀਟ ਫੋਰਸ ਦੇ ਨਿਸ਼ਾਨੇ ਉਤੇ ਆ ਗਿਆ। 18 ਦਸੰਬਰ ਦੀ ਬੁੱਧਵਾਰ ਦੁਪਹਿਰ ਤੋਂ ਸ਼ੁਰੂ ਹੋਏ ਅਤੇ 19 ਦਸੰਬਰ ਵੀਰਵਾਰ ਸਵੇਰੇ 7 ਵਜੇ ਤੱਕ ਚੱਲੇ ਮੁਕਾਬਲੇ ਵਿੱਚ ਸੈਂਕੜੇ ਰਾਉਂਡ ਅਤੇ ਦਰਜਨਾਂ ਅੱਥਰੂ ਗੈਸ ਦੇ ਗੋਲੇ ਅਤੇ ਗ੍ਰਨੇਡਾਂ ਦੀ ਵਰਤੋਂ ਕੀਤੀ ਗਈ। ਇਥੇ ਤੱਕ ਕਿ ਹੰਜ ਪਿੰਡ ਵਿਚ ਪਾਕਿਸਤਾਨ ਇਲੀਟ ਫੋਰਸ ਨੂੰ ਹੈਲੀਕਾਪਟਰ ਤੱਕ ਲਿਆਉਣੇ ਪਏ। ਕਰੀਬ 18 ਘੰਟੇ ਚੱਲੇ ਪੁਲਸ ਮੁਕਾਬਲੇ ਤੋਂ ਬਾਅਦ ਗੋਲੀਬਾਰੀ ਰੁਕਦਿਆਂ ਹੀ ਪੁਲਸ ਨੂੰ ਘਰ ਵਿੱਚੋਂ ਚਾਰ ਲਾਸ਼ਾਂ ਮਿਲੀਆਂ ਜਿਨ੍ਹਾਂ ਦੀ ਪਛਾਣ ਫੈਜ਼ਲ, ਉਸ ਦੇ 20 ਸਾਲਾ ਭਤੀਜੇ ਸਫੀਉਰ ਰਹਿਮਾਨ ਅਤੇ ਦੋ ਸਾਥੀਆਂ ਨਵੀਦ ਅਖਤਰ (24) ਵਾਸੀ ਖਵਾਸਪੁਰ ਅਤੇ ਨੋਮੀ (30) ਵਜੋਂ ਹੋਈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਲ ਡੀਐਸਪੀ ਦੀ ਅਗਵਾਈ ਵਿੱਚ ਇੱਕ ਟੀਮ ਫੈਜ਼ਲ ਸ਼ਹਿਜ਼ਾਦ ਦਾ ਪਤਾ ਲਗਾਉਣ ਲਈ ਹੰਜ ਪਿੰਡ ਪਹੁੰਚੀ ਸੀ।
ਜਿਵੇਂ ਹੀ ਉਨ੍ਹਾਂ ਨੇ ਮਸ਼ੀਨਰੀ ਨਾਲ ਉਸ ਦੇ ਘਰ ਦੀ ਮੂਹਰਲੀ ਕੰਧ ਢਾਹੁਣੀ ਸ਼ੁਰੂ ਕੀਤੀ ਤਾਂ ਫੈਜ਼ਲ ਅਤੇ ਉਸ ਦੇ ਸਾਥੀਆਂ ਨੇ ਅੰਦਰੋਂ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਬੈਕਅੱਪ ਵਜੋਂ ਪੁਲਸ ਦੀ ਹੋਰ ਟੁਕੜੀ ਪਹੁੰਚ ਗਈ ਜਦਕਿ ਭਾਰੀ ਗੋਲੀਬਾਰੀ ਵੀਰਵਾਰ ਸਵੇਰ ਤੱਕ ਜਾਰੀ ਰਹੀ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਅਜ਼ੀਜ਼ ਭੱਟੀ ਸ਼ਹੀਦ ਟੀਚਿੰਗ ਹਸਪਤਾਲ ਭੇਜ ਦਿੱਤਾ। ਗੁਜਰਾਤ ਦੇ ਜ਼ਿਲ੍ਹਾ ਪੁਲਸ ਅਧਿਕਾਰੀ ਮੁਸਤਨਸਰ ਆਤਮਾ ਬਾਜਵਾ ਅਤੇ ਐਸਪੀ ਰਿਆਜ਼ ਅਹਿਮਦ ਨਾਜ਼ ਨੇ ਪੁਲਸ ਆਪ੍ਰੇਸ਼ਨ ਦੀ ਅਗਵਾਈ ਕੀਤੀ। ਪਤਾ ਲੱਗਾ ਕਿ ਪੁਲਸ ਨੇ ਪਹਿਲਾਂ ਵੀ ਇਸੇ ਪਿੰਡ ਵਿੱਚ ਫੈਜ਼ਲ ਦੇ ਦੋ ਆਊਟ ਹਾਊਸਾਂ ਦੇ ਢਾਂਚੇ ਨੂੰ ਨਿਸਤ-ਓ-ਨਾਬੂਦ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਫੈਸਲ ਦੇ ਨਵੇਂ ਬਣੇ ਕੰਕਰੀਟ ਦੇ ਘਰ ਵਿੱਚ ਮੌਜੂਦ ਹੋਣ ਦੀ ਉਮੀਦ ਨਹੀਂ ਸੀ।
ਪੁਲਸ ਸਿਰਫ ਉਸਦਾ ਘਰ ਢਾਹੁਣ ਗਈ ਸੀ, ਜਦੋਂ ਪੁਲਸ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਫੈਜ਼ਲ ਹੰਜ ਨੇ ਅੰਦਰੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੂੰ ਇਲੀਟ ਫੋਰਸ ਦੀ ਟੁਕੜੀ ਤੋਂ ਬੈਕ-ਅੱਪ ਮੰਗਣਾ ਪਿਆ। ਮੁਕਾਬਲੇ ਤੋਂ ਬਾਅਦ, ਰਹਿਮਾਨੀਆ ਪੁਲਸ ਸਟੇਸ਼ਨ ਦੇ ਐਸਐਚਓ ਹਾਜੀ ਸਗੀਰ ਅਹਿਮਦ ਭੱਦਰ ਨੇ ਇੱਕ ਮੀਡੀਆ ਰਿਪੋਰਟ ਪੇਸ਼ ਕੀਤੀ ਅਤੇ ਦਾਅਵਾ ਕੀਤਾ ਕਿ ਪੁਲਸ ਨੇ ਇੱਕ ਪੁਲਸ ਅਧਿਕਾਰੀ ਦਾ ਬਦਲਾ ਲਿਆ ਹੈ, ਨਾਲ ਹੀ ਕਿਹਾ ਕਿ ਜੋ ਕੋਈ ਵੀ ਅਧਿਕਾਰੀ ਨੂੰ ਮਾਰਨ ਦੀ ਕੋਸ਼ਿਸ਼ ਕਰੇਗਾ ਉਸਦਾ ਇਲਾਜ ਕੀਤਾ ਜਾਵੇਗਾ।