ਨਿਊਯਾਰਕ:
ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਜੌਰਜਟਾਊਨ ਯੂਨੀਵਰਸਿਟੀ ਦੇ ਇਕ ਭਾਰਤੀ ਵਿਦਿਆਰਥੀ ਨੂੰ ਡਿਪੋਰਟ ਕਰਨ ’ਤੇ ਰੋਕ ਲਗਾ ਦਿੱਤੀ ਹੈ, ਜਿਸ ਨੂੰ ਸੰਘੀ ਅਧਿਕਾਰੀਆਂ ਵੱਲੋਂ ‘ਹਮਾਸ ਦਾ ਸਰਗਰਮੀ ਨਾਲ ਪ੍ਰਚਾਰ ਕਰਨ’ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਬਦਰ ਖਾਨ ਸੂਰੀ ਵਾਸ਼ਿੰਗਟਨ ਡੀਸੀ ਦੀ ਜੌਰਜਟਾਊਨ ਯੂਨੀਵਰਸਿਟੀ ਦੇ ਐਡਮੰਡ ਏ ਵਾਲਸ਼ ਸਕੂਲ ਆਫ਼ ਫਾਰੇਨ ਸਰਵਿਸ ਵਿੱਚ ‘ਅਲਵਲੀਦ ਬਿਨ ਤਲਾਲ ਸੈਂਟਰ ਫਾਰ ਮੁਸਲਿਮ-ਕ੍ਰਿਸਚਨ ਅੰਡਰਸਟੈਂਡਿੰਗ’ ਵਿੱਚ ਪੋਸਟਡੌਕਟੋਰਲ ਫੈਲੋ ਹੈ। 20 ਮਾਰਚ ਨੂੰ ਜਾਰੀ ਇਕ ਅਦਾਲਤੀ ਹੁਕਮ ਵਿੱਚ, ਯੂਨਾਈਟਿਡ ਸਟੇਟਸ ਡਿਸਟ੍ਰਿਕਟ ਜੱਜ ਪੈਟਰੀਸ਼ੀਆ ਟੌਲੀਵਰ ਜਾਈਲਜ਼ ਨੇ ਕਿਹਾ, ‘‘ਇਹ ਹੁਕਮ ਦਿੱਤਾ ਜਾਂਦਾ ਹੈ ਕਿ ਪਟੀਸ਼ਨਰ ਨੂੰ ਉਦੋਂ ਤੱਕ ਅਮਰੀਕਾ ਤੋਂ ਡਿਪੋਰਟ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਕਿ ਅਦਾਲਤ ਇਸ ਦੇ ਉਲਟ ਆਦੇਸ਼ ਜਾਰੀ ਨਾ ਕਰ ਦੇਵੇ।’’