ਚੀਨ 'ਤੇ ਟੈਰਿਫ਼ ਵਧਾ ਕੇ ਕੀਤਾ 125%
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟ੍ਰੂਥ' 'ਤੇ ਪੋਸਟ ਕਰਕੇ ਦੱਸਿਆ ਕਿ ਚੀਨ ਨੇ ਦੁਨੀਆ ਦੇ ਬਾਜ਼ਾਰਾਂ ਪ੍ਰਤੀ ਕੋਈ ਆਦਰ ਨਹੀਂ ਵਿਖਾਇਆ। ਇਸ ਕਾਰਨ, ਅਮਰੀਕਾ ਨੇ ਚੀਨ 'ਤੇ ਲਗਾਏ ਗਏ 104 ਫੀਸਦੀ ਟੈਰਿਫ਼ ਨੂੰ ਵਧਾ ਕੇ ਹੁਣ 125 ਫੀਸਦੀ ਕਰ ਦਿੱਤਾ ਹੈ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਟਰੰਪ ਨੇ ਟ੍ਰੂਥ ਪਲੇਟਫਾਰਮ 'ਤੇ ਲਿਖਿਆ ਕਿ ਹੁਣ ਚੀਨ ਨੂੰ ਇਹ ਅਹਿਸਾਸ ਹੋ ਜਾਵੇਗਾ ਕਿ ਅਮਰੀਕਾ ਨੂੰ ਅਤੇ ਹੋਰ ਦੇਸ਼ਾਂ ਨੂੰ ਲੁੱਟਣ ਵਾਲਾ ਦੌਰ ਹੁਣ ਨਹੀਂ ਚੱਲੇਗਾ।
75 ਤੋਂ ਵੱਧ ਦੇਸ਼ਾਂ ਨੂੰ ਟਰੰਪ ਵੱਲੋਂ ਰਾਹਤ
ਡੋਨਾਲਡ ਟਰੰਪ ਨੇ ਦੁਨੀਆ ਦੇ 75 ਤੋਂ ਵੱਧ ਦੇਸ਼ਾਂ ਲਈ 90 ਦਿਨਾਂ ਦੀ ਟੈਰਿਫ਼ ਵਿੱਚ ਛੂਟ ਦੇਣ ਦੀ ਘੋਸ਼ਣਾ ਕੀਤੀ ਹੈ। ਟਰੰਪ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਨੇ ਅਮਰੀਕੀ ਵਪਾਰ ਵਿਭਾਗ, ਟ੍ਰੇਜ਼ਰੀ ਅਤੇ USTR ਨਾਲ ਵਪਾਰ ਅਤੇ ਕਰੰਸੀ ਹੇਰਾਫੇਰੀ (Currency Manipulation) ਵਰਗੇ ਮਸਲਿਆਂ 'ਤੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੇਸ਼ਾਂ ਨਾਲ ਵਪਾਰ 'ਤੇ ਅਗਲੇ 90 ਦਿਨਾਂ ਤੱਕ ਸਿਰਫ 10 ਫੀਸਦੀ ਰੈਸੀਪ੍ਰੋਕਲ ਟੈਰਿਫ਼ ਲਾਗੂ ਰਹੇਗਾ।
ਚੀਨ ਨੇ ਲਾਇਆ 84% ਟੈਰਿਫ਼
ਅਮਰੀਕਾ ਨੇ ਇਕ ਦਿਨ ਪਹਿਲਾਂ (8 ਅਪ੍ਰੈਲ 2025) ਚੀਨ 'ਤੇ 104 ਫੀਸਦੀ ਟੈਰਿਫ਼ ਲਾਇਆ ਸੀ, ਜਿਸਦਾ ਚੀਨ ਨੇ ਵੀ ਠੀਕ ਉਸੇ ਅੰਦਾਜ਼ 'ਚ ਜਵਾਬ ਦਿੱਤਾ। ਚੀਨ ਨੇ ਵੀ ਬੁੱਧਵਾਰ (9 ਅਪ੍ਰੈਲ) ਨੂੰ ਅਮਰੀਕਾ ਉੱਤੇ 84 ਫੀਸਦੀ ਟੈਰਿਫ਼ ਲਗਾਉਣ ਦੀ ਘੋਸ਼ਣਾ ਕਰ ਦਿੱਤੀ।
ਚੀਨੀ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਹ ਵਾਧੂ ਟੈਰਿਫ਼ 10 ਅਪ੍ਰੈਲ ਤੋਂ ਅਮਰੀਕੀ ਸਮਾਨਾਂ 'ਤੇ ਲਾਗੂ ਹੋ ਜਾਣਗੇ। ਚੀਨ ਦੇ ਵਪਾਰ ਮੰਤਰਾਲੇ ਨੇ ਵੀ ਅਮਰੀਕਾ ਨੂੰ ਜਵਾਬ ਦਿੰਦੇ ਹੋਏ 12 ਅਮਰੀਕੀ ਕੰਪਨੀਆਂ ਨੂੰ ਆਪਣੀ ਐਕਸਪੋਰਟ ਕੰਟਰੋਲ ਲਿਸਟ 'ਚ ਸ਼ਾਮਲ ਕਰ ਲਿਆ ਹੈ।