ਪਹਿਲੀ ਉਡਾਣ ‘ਚ 104 ਭਾਰਤੀਆਂ ਨੂੰ ਭੇਜਿਆ ਗਿਆ
ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਮੁੜ ਸਰਕਾਰ ਬਣਨ ਤੋਂ ਬਾਅਦ ਉਹਨਾਂ ਵੱਲੋਂ ਕਈ ਵੱਡੇ ਫ਼ੈਸਲੇ ਲਏ ਗਏ ਹਨ। ਇਨ੍ਹਾਂ ਦੇ ਤਹਿਤ 5 ਫਰਵਰੀ 2025 ਨੂੰ ਅਮਰੀਕੀ ਸੈਨਾ ਦੇ C-17 ਵਿਮਾਨ ਰਾਹੀਂ 104 ਗੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਵਾਪਸ ਭਾਰਤ ਭੇਜਿਆ ਗਿਆ ਸੀ। ਇਹ ਉਹ ਲੋਕ ਸਨ, ਜੋ ਲੱਖਾਂ ਰੁਪਏ ਖਰਚ ਕਰਕੇ ‘ਡੰਕੀ ਰੂਟ’ ਜਾਂ ਹੋਰ ਗੈਰ-ਕਾਨੂੰਨੀ ਢੰਗਾਂ ਨਾਲ ਅਮਰੀਕਾ ‘ਚ ਦਾਖਲ ਹੋਏ ਅਤੇ ਪਿਛਲੇ ਕਈ ਸਾਲਾਂ ਤੋਂ ਉਥੇ ਰਹਿ ਰਹੇ ਸਨ।
ਟਰੰਪ-ਮੋਦੀ ਦੀ ਮੀਟਿੰਗ ‘ਤੇ ਰਹੇਗੀ ਨਜ਼ਰ
ਪਹਿਲੀ ਉਡਾਣ ਰਾਹੀਂ ਅਮਰੀਕਾ ਤੋਂ ਭਾਰਤ ਆਉਣ ਵਾਲਿਆਂ ਵਿੱਚ 30 ਪੰਜਾਬ, 33-33 ਹਰਿਆਣਾ ਤੇ ਗੁਜਰਾਤ, 3-3 ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਅਤੇ 2 ਚੰਡੀਗੜ੍ਹ ਤੋਂ ਸਨ। ਟਰੰਪ ਦੀ ਟੈਕਸ ਨੀਤੀ ਕਾਰਨ ਦੁਨੀਆ ਭਰ ‘ਚ ਮਚੀ ਹਲਚਲ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਯਾਤਰਾ ਸੰਭਾਵਤ ਤੌਰ ‘ਤੇ ਇਸ ਗੱਲ ਨੂੰ ਯਕੀਨੀ ਬਣਾਉਣ ‘ਚ ਲੱਗੀ ਹੋਈ ਹੈ ਕਿ ਅਮਰੀਕਾ ਵੱਲੋਂ ਭਾਰਤ ਵਿਰੁੱਧ ਕੋਈ ਵਪਾਰਕ ਕਾਰਵਾਈ ਨਾ ਕੀਤੀ ਜਾਵੇ। ਇਸ ਮੀਟਿੰਗ ਦੌਰਾਨ, PM ਮੋਦੀ ਅਤੇ ਡੋਨਾਲਡ ਟਰੰਪ ਵਪਾਰ, ਨਿਵੇਸ਼, ਊਰਜਾ, ਰੱਖਿਆ, ਤਕਨਾਲੋਜੀ ਅਤੇ ਪਰਵਾਸ਼ ਸਮੇਤ ਕਈ ਖੇਤਰਾਂ ‘ਚ ਦੋਵੇਂ ਦੇਸ਼ਾਂ ਦੇ ਸਹਿਯੋਗ ‘ਤੇ ਗੰਭੀਰ ਚਰਚਾ ਕਰ ਸਕਦੇ ਹਨ। ਟਰੰਪ ਪ੍ਰਸ਼ਾਸਨ ‘ਤੇ ਇਲਜ਼ਾਮ ਲੱਗਿਆ ਸੀ ਕਿ 104 ਭਾਰਤੀਆਂ ਨੂੰ ਹਥਕੜੀਆਂ ਅਤੇ ਬੇੜੀਆਂ ਪਾ ਕੇ ਇੱਕ ਸੈਨਾ ਦੇ ਵਿਮਾਨ ਰਾਹੀਂ ਭਾਰਤ ਭੇਜਿਆ ਗਿਆ। ਪਿਛਲੇ ਹਫ਼ਤੇ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੰਸਦ ‘ਚ ਕਿਹਾ ਸੀ ਕਿ ਭਾਰਤ ਇਹ ਯਕੀਨੀ ਬਣਾਉਣ ਲਈ ਅਮਰੀਕਾ ਨਾਲ ਸੰਪਰਕ ‘ਚ ਹੈ ਕਿ ਜਿਨ੍ਹਾਂ ਭਾਰਤੀਆਂ ਨੂੰ ਨਿਕਾਲਿਆ ਜਾ ਰਿਹਾ ਹੈ, ਉਨ੍ਹਾਂ ਨਾਲ ਕੋਈ ਬਦਸਲੂਕੀ ਨਾ ਹੋਵੇ।