ਦੱਖਣੀ ਕਸ਼ਮੀਰ ਦੀ 29 ਸਾਲਾ ਆਲਰਾਊਂਡਰ ਮਹਿਲਾ ਕ੍ਰਿਕਟਰ ਰੂਬੀਆ ਸਈਅਦ ਨੂੰ ਆਗਾਮੀ ਮਹਿਲਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਲਈ ਗੁਜਰਾਤ ਜਾਇੰਟਸ ਟੀਮ ਨੇ ਚੁਣਿਆ ਹੈ। ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਬੁਦਾਸਗਾਮ ਪਿੰਡ ਦੀ ਰਹਿਣ ਵਾਲੀ ਰੂਬੀਆ ਕ੍ਰਿਕਟ ਟੂਰਨਾਮੈਂਟ ਲਈ ਚੁਣੀ ਜਾਣ ਵਾਲੀ ਦੂਜੀ ਕਸ਼ਮੀਰੀ ਮਹਿਲਾ ਹੈ। ਇਸ ਤੋਂ ਪਹਿਲਾਂ ਖੱਬੇ ਹੱਥ ਦੀ ਬੱਲੇਬਾਜ਼ ਜਸੀਆ ਅਖਤਰ ਕਸ਼ਮੀਰ ਦੀ ਪਹਿਲੀ ਮਹਿਲਾ ਕ੍ਰਿਕਟਰ ਸੀ, ਜਿਸ ਨੇ ਆਈ. ਪੀ. ਐੱਲ. ਟੀਮ ਲਈ ਖੇਡਿਆ ਸੀ। ਰੂਬੀਆ ਨੇ ਇਸ ’ਤੇ ਕਿਹਾ,‘‘ਮੈਂ ਆਈ. ਪੀ.ਐੱਲ. ਤੋਂ ਸੱਦਾ ਮਿਲਣ ’ਤੇ ਬਹੁਤ ਖੁਸ਼ ਹਾਂ, ਮੈਂ ਗੁਜਰਾਤ ਜਾਇੰਟਸ ਵਿਚ ਸ਼ਾਮਲ ਹੋਣ ਲਈ ਬਹੁਤ ਉਤਸ਼ਾਹਿਤ ਹਾਂ।ਮੈਂ ਖੁਦ ਨੂੰ ਭਾਰਤ ਦੀ ਆਖਰੀ-11 ਵਿਚ ਦੇਖਣਾ ਚਾਹੁੰਦੀ ਹਾਂ ਤਾਂ ਕਿ ਕੌਮਾਂਤਰੀ ਕ੍ਰਿਕਟ ਖੇਡ ਕੇ ਆਪਣੀ ਸਮਰੱਥਾ ਦਿਖਾ ਸਕਾਂ ਤੇ ਦੇਸ਼ ਤੇ ਆਪਣੇ ਸੂਬੇ ਜੰਮੂ-ਕਸ਼ਮੀਰ ਦਾ ਨਾਂ ਰੌਸ਼ਨ ਕਰ ਸਕਾਂ।’’ ਉਸ ਨੇ ਦੱਸਿਆ ਕਿ ਜਦੋਂ ਸਕੂਲ ਵਿਚ ਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਆਯੋਜਿਤ ਹੋ ਰਹੇ ਸਨ ਤਾਂ ਉਸਦੇ ਅਧਿਆਪਕਾਂ ਨੇ ਉਸਦਾ ਮਾਰਗਦਰਸ਼ਨ ਕੀਤਾ।
ਇਸ ਤੋਂ ਬਾਅਦ ਵਿਚ ਕੋਚਾਂ ਨੇ ਉਸ ਨੂੰ ਖੇਡ ਦੀ ਤਕਨੀਕ ਤੇ ਹੋਰ ਪਹਿਲੂਆਂ ਦੇ ਬਾਰੇ ਵਿਚ ਸਿਖਾਇਆ। ਰੂਬੀਆ 2012 ਤੋਂ ਕ੍ਰਿਕਟ ਖੇਡ ਰਹੀ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇ. ਕੇ. ਸੀ. ਏ.) ਦੀ ਪ੍ਰਤੀਨਿਧਤਾ ਕਰ ਰਹੀ ਹਾਂ। ਰੂਬੀਆ ਦੇ ਪਿਤਾ ਗੁਲਾਮ ਕਾਦਿਰ ਸ਼ੇਖ ਇਕ ਫਲ ਵਪਾਰੀ ਹਨ। ਉਨ੍ਹਾਂ ਨੇ ਵਿੱਤੀ ਅੜਿੱਕਿਆਂ ਦੇ ਬਾਵਜੂਦ ਰੂਬੀਆ ਦਾ ਸਮਰਥਨ ਕੀਤਾ ਹੈ।