18 ਲੋਕਾਂ ਦੀ ਮੌਤ ਦੀ ਵਜ੍ਹਾ ਹੋ ਜਾਵੇਗੀ ਗ਼ਾਇਬ ! ਨਵੀਂ ਦਿੱਲੀ ਸਟੇਸ਼ਨ 'ਤੇ ਭਗਦੜ ਦੀਆਂ ਵੀਡੀਓਜ਼ ਹਟਾਉਣ ਲਈ ਰੇਲਵੇ ਨੇ X ਨੂੰ ਜਾਰੀ ਕੀਤਾ ਨੋਟਿਸ, ਜਾਣੋ ਵਜ੍ਹਾ

18 ਲੋਕਾਂ ਦੀ ਮੌਤ ਦੀ ਵਜ੍ਹਾ ਹੋ ਜਾਵੇਗੀ ਗ਼ਾਇਬ ! ਨਵੀਂ ਦਿੱਲੀ ਸਟੇਸ਼ਨ 'ਤੇ ਭਗਦੜ ਦੀਆਂ ਵੀਡੀਓਜ਼ ਹਟਾਉਣ ਲਈ ਰੇਲਵੇ ਨੇ X ਨੂੰ ਜਾਰੀ ਕੀਤਾ ਨੋਟਿਸ, ਜਾਣੋ ਵਜ੍ਹਾ

New Delhi Railway Station Stampede: 15 ਫਰਵਰੀ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਗਦੜ ਵਿੱਚ 18 ਲੋਕਾਂ ਦੀ ਮੌਤ ਹੋ ਗਈ ਸੀ। ਮਾਮਲੇ ਦੀ ਜਾਂਚ ਰਿਪੋਰਟ ਅਜੇ ਨਹੀਂ ਆਈ ਹੈ, ਪਰ ਰੇਲਵੇ ਨੇ ਜ਼ਰੂਰ ਇੱਕ ਆਦੇਸ਼ ਜਾਰੀ ਕਰ ਦਿੱਤਾ ਹੈ। ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਰੇਲਵੇ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ X ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਤੇ ਇਸਨੂੰ 288 ਵੀਡੀਓਜ਼ ਦੇ ਲਿੰਕ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਮੰਤਰਾਲੇ ਨੇ ਇਹ ਨੋਟਿਸ 17 ਫਰਵਰੀ ਨੂੰ ਭੇਜਿਆ ਤੇ X ਨੂੰ 36 ਘੰਟਿਆਂ ਦੇ ਅੰਦਰ ਘਟਨਾ ਨਾਲ ਸਬੰਧਤ ਸਾਰੇ ਵੀਡੀਓ ਲਿੰਕ ਹਟਾਉਣ ਦਾ ਨਿਰਦੇਸ਼ ਦਿੱਤਾ। ਹਾਲਾਂਕਿ, ਐਕਸ ਵੱਲੋਂ ਰੇਲ ਮੰਤਰਾਲੇ ਦੇ ਪੱਤਰ ਦਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।ਮੰਤਰਾਲੇ ਦੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਹ ਨੈਤਿਕਤਾ ਦੇ ਨਾਲ-ਨਾਲ X ਦੀ ਸਮੱਗਰੀ ਨੀਤੀ ਦੇ ਵੀ ਵਿਰੁੱਧ ਹੈ। ਸੋਸ਼ਲ ਮੀਡੀਆ 'ਤੇ ਅਜਿਹੇ ਵੀਡੀਓ ਸ਼ੇਅਰ ਕਰਨ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ। ਇਸ ਵੇਲੇ ਟ੍ਰੇਨਾਂ ਵਿੱਚ ਭਾਰੀ ਭੀੜ ਹੈ, ਇਸ ਨੂੰ ਦੇਖਦੇ ਹੋਏ ਰੇਲਵੇ ਸੰਚਾਲਨ ਵੀ ਪ੍ਰਭਾਵਿਤ ਹੋ ਸਕਦਾ ਹੈ।  

ਕੀ ਹੈ ਪੂਰਾ ਮਾਮਲਾ ?

15 ਫਰਵਰੀ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਗਦੜ ਮਚ ਗਈ, ਜਦੋਂ ਕੁੰਭ ਮੇਲੇ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਵੱਡੀ ਭੀੜ ਉੱਥੇ ਇਕੱਠੀ ਹੋ ਗਈ ਸੀ ਫਿਰ ਸਪੈਸ਼ਲ ਟ੍ਰੇਨਾਂ ਵਿੱਚ ਦੇਰੀ ਤੇ ਪਲੇਟਫਾਰਮ ਬਦਲਣ ਦੇ ਐਲਾਨ ਕਾਰਨ ਸਟੇਸ਼ਨ 'ਤੇ ਭਗਦੜ ਮਚ ਗਈ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ 15 ਲੋਕ ਜ਼ਖਮੀ ਹੋ ਗਏ। ਨਿਊਜ਼ ਏਜੰਸੀ IANS ਦੇ ਅਨੁਸਾਰ, ਰੇਲਵੇ ਪ੍ਰਸ਼ਾਸਨ ਨੇ ਭਗਦੜ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਦੋ ਮੈਂਬਰੀ ਕਮੇਟੀ ਬਣਾਈ ਹੈ। ਇਸ ਕਮੇਟੀ ਵਿੱਚ ਉੱਤਰੀ ਰੇਲਵੇ ਦੇ PCCM ਨਰਸਿੰਘ ਦੇਵ ਅਤੇ PCSC ਉੱਤਰੀ ਰੇਲਵੇ ਦੇ ਪੰਕਜ ਗੰਗਵਾਰ ਸ਼ਾਮਲ ਹਨ। ਕਮੇਟੀ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਵੀਡੀਓ ਫੁਟੇਜ ਸਮੇਤ ਸਾਰੇ ਉਪਲਬਧ ਸਬੂਤਾਂ ਦਾ ਵਿਸ਼ਲੇਸ਼ਣ ਕਰਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਰੇਲਵੇ ਅਧਿਕਾਰੀਆਂ ਅਨੁਸਾਰ, ਭਗਦੜ ਪਲੇਟਫਾਰਮ ਨੰਬਰ 14 ਅਤੇ 15 ਦੇ ਵਿਚਕਾਰ ਪੌੜੀਆਂ 'ਤੇ ਹੋਈ। ਪਟਨਾ ਵੱਲ ਜਾ ਰਹੀ ਮਗਧ ਐਕਸਪ੍ਰੈਸ ਪਲੇਟਫਾਰਮ 14 'ਤੇ ਖੜ੍ਹੀ ਸੀ, ਜਦੋਂ ਕਿ ਜੰਮੂ ਵੱਲ ਜਾ ਰਹੀ ਉੱਤਰ ਸੰਪਰਕ ਕ੍ਰਾਂਤੀ ਪਲੇਟਫਾਰਮ 15 'ਤੇ ਖੜ੍ਹੀ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਯਾਤਰੀ ਫੁੱਟ ਓਵਰ ਬ੍ਰਿਜ ਰਾਹੀਂ ਪਲੇਟਫਾਰਮ ਵੱਲ ਜਾ ਰਹੇ ਸਨ ਤੇ ਪੌੜੀਆਂ ਤੋਂ ਫਿਸਲ ਗਏ, ਜਿਸ ਕਾਰਨ ਹੋਰ ਯਾਤਰੀ ਵੀ ਇਸ ਦੀ ਚਪੇਟ ਵਿੱਚ ਆ ਗਏ।