MAHAPUNJAB (India News): ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਏਅਰੋ ਇੰਡੀਆ 2025 ਸ਼ੋਅ ਦਾ ਉਦਘਾਟਨ ਕਰਨ ਮਗਰੋਂ ਕਿਹਾ ਕਿ ਸੁਰੱਖਿਆ ਦੀ ਕਮਜ਼ੋਰ ਸਥਿਤੀ ਵਿੱਚ ਸ਼ਾਂਤੀ ਕਦੇ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਅਤੇ ਮਜ਼ਬੂਤ ਹੋ ਕੇ ਹੀ ਅਸੀਂ ਬਿਹਤਰ ਆਲਮੀ ਵਿਵਸਥਾ ਲਈ ਕੰਮ ਕਰ ਸਕਾਂਗੇ। ਸਿੰਘ ਨੇ ਆਲਮੀ ਬੇਯਕੀਨੀਆਂ ਦੇ ਹਵਾਲੇ ਨਾਲ ਕਿਹਾ ਕਿ ਵੱਡਾ ਮੁਲਕ ਹੋਣ ਦੇ ਨਾਤੇ ਭਾਰਤ ਨੇ ਹਮੇਸ਼ਾ ਸ਼ਾਂਤੀ ਤੇ ਸਥਿਰਤਾ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਭਾਰਤੀ ਸੁਰੱਖਿਆ ਜਾਂ ਸ਼ਾਂਤੀ ਨੂੰ ਇਕੱਲਤਾ ਵਿਚ ਨਹੀਂ ਦੇਖਦੇ। ਸੁਰੱਖਿਆ, ਸਥਿਰਤਾ ਅਤੇ ਸ਼ਾਂਤੀ ਸਾਂਝੇ ਉੱਦਮ ਹਨ, ਜੋ ਕੌਮੀ ਸਰਹੱਦਾਂ ਤੋਂ ਪਾਰ ਹੁੰਦੇ ਹਨ। ਏਅਰੋ ਇੰਡੀਆ ਵਿਚ ਹੋਰਨਾਂ ਮੁਲਕਾਂ ਦੇ ਸਾਡੇ ਦੋਸਤਾਂ ਦੀ ਮੌਜੂਦਗੀ ਇਸ ਤੱਥ ਦਾ ਪ੍ਰਮਾਣ ਹੈ ਕਿ ਸਾਡੇ ਭਾਈਵਾਲ ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ ਦੇ ਸਾਡੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹਨ।’’ ਏਸ਼ੀਆ ਦੀ ਸਭ ਤੋਂ ਵੱਡੀ ਏਅਰੋਸਪੇਸ ਅਤੇ ਰੱਖਿਆ ਪ੍ਰਦਰਸ਼ਨੀ ਮੰਨੀ ਜਾਂਦੀ ਏਅਰੋ ਇੰਡੀਆ ਦੇ 15ਵੇਂ ਐਡੀਸ਼ਨ ਦਾ ਉਦਘਾਟਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਯੇਲਹੰਕਾ ਏਅਰਫੋਰਸ ਸਟੇਸ਼ਨ ’ਤੇ ਕੀਤਾ। ਏਅਰੋ ਇੰਡੀਆ 2025 ਦੇ ਉਦਘਾਟਨ ਮਗਰੋਂ ਬੋਲਦਿਆਂ ਰੱਖਿਆ ਮੰਤਰੀ ਨੇ ਅੱਜ ਦੀਆਂ ਬੇਯਕੀਨੀਆਂ ਤੇ ਅੱਜ ਦੇ ਪਰਿਪੇਖ ਵਿਚ ਉੱਭਰਦੀਆਂ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਦੀ ਲੋੋੜ ’ਤੇ ਜ਼ੋਰ ਦਿੱੱਤਾ। ਸਿੰਘ ਨੇ ਕਿਹਾ, ‘‘ਸੁਰੱਖਿਆ ਦੀ ਕਮਜ਼ੋਰ ਸਥਿਤੀ ਵਿੱਚ ਸ਼ਾਂਤੀ ਕਦੇ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਸ਼ਾਂਤੀ ਦਾ ਬੋਹੜ ਦਾ ਰੁੱਖ ਤਾਕਤ ਦੀਆਂ ਜੜ੍ਹਾਂ ’ਤੇ ਹੀ ਖੜ੍ਹਾ ਹੋ ਸਕਦਾ ਹੈ। ਮੇਰਾ ਮੰਨਣਾ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਮਜ਼ਬੂਤ ਹੋਣਾ ਪਵੇਗਾ, ਤਾਂ ਹੀ ਅਸੀਂ ਸ਼ਾਂਤੀ ਨੂੰ ਯਕੀਨੀ ਬਣਾ ਸਕਾਂਗੇ। ਮਜ਼ਬੂਤ ਹੋ ਕੇ ਹੀ ਅਸੀਂ ਇੱਕ ਬਿਹਤਰ ਵਿਸ਼ਵ ਵਿਵਸਥਾ ਲਈ ਕੰਮ ਕਰ ਸਕਾਂਗੇ।’’ ਰੱਖਿਆ ਮੰਤਰੀ ਨੇ ਕਿਹਾ, ‘‘ਜੇ ਤੁਸੀਂ ਭਾਰਤ ਦੇ ਇਤਿਹਾਸ ਦਾ ਮੁਲਾਂਕਣ ਕਰੋਗੇ, ਤਾਂ ਤੁਸੀਂ ਦੇਖੋਗੇ ਕਿ ਅਸੀਂ ਨਾ ਤਾਂ ਕਿਸੇ ਦੇਸ਼ ’ਤੇ ਹਮਲਾ ਕੀਤਾ ਹੈ ਅਤੇ ਨਾ ਹੀ ਅਸੀਂ ਕਿਸੇ ਮਹਾਨ ਸ਼ਕਤੀ ਦੀ ਦੁਸ਼ਮਣੀ ਵਿਚ ਸ਼ਾਮਲ ਹੋਏ ਹਾਂ। ਇੱਕ ਵੱਡੇ ਦੇਸ਼ ਦੇ ਰੂਪ ਵਿੱਚ, ਭਾਰਤ ਨੇ ਹਮੇਸ਼ਾ ਸ਼ਾਂਤੀ ਤੇ ਸਥਿਰਤਾ ਦੀ ਵਕਾਲਤ ਕੀਤੀ ਹੈ। ਅਤੇ ਜਦੋਂ ਮੈਂ ਇਹ ਕਹਿ ਰਿਹਾ ਹਾਂ, ਇਹ ਸਿਰਫ ਕਹਿਣ ਦੀ ਗੱਲ ਨਹੀਂ ਹੈ, ਪਰ ਇਹ ਸਾਡੇ ਬੁਨਿਆਦੀ ਆਦਰਸ਼ ਦਾ ਮਾਮਲਾ ਹੈ।’’
Aero India ਮਜ਼ਬੂਤ ਬਣ ਕੇ ਹੀ ਅਸੀਂ ਬਿਹਤਰ ਆਲਮੀ ਵਿਵਸਥਾ ਲਈ ਕੰਮ ਕਰ ਸਕਾਂਗੇ: ਰਾਜਨਾਥ ਸਿੰਘ
