ਯੂਕਰੇਨ ਜੰਗ ਦੇ ਖਾਤਮੇ ਲਈ ਟਰੰਪ ਵੱਲੋਂ ਪੂਤਿਨ ਨਾਲ ਗੱਲਬਾਤ

ਯੂਕਰੇਨ ਜੰਗ ਦੇ ਖਾਤਮੇ ਲਈ ਟਰੰਪ ਵੱਲੋਂ ਪੂਤਿਨ ਨਾਲ ਗੱਲਬਾਤ

MAHAPUNJAB (Would News) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਜੰਗ ਰੋਕਣ ਲਈ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ‘ਨਿਊਯਾਰਕ ਪੋਸਟ’ ਨੇ ਅਮਰੀਕੀ ਰਾਸ਼ਟਰਪਤੀ ਨਾਲ ਏਅਰ ਫੋਰਸ ਵਨ ਵਿਚ ਕੀਤੀ ਇੰਟਰਵਿਊ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਉਂਜ ਇੰਟਰਵਿਊ ਦੌਰਾਨ ਟਰੰਪ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਕੋਲ ਰੂਸ-ਯੂਕਰੇਨ ਜੰਗ ਰੋਕਣ ਲਈ ਠੋਸ ਯੋਜਨਾ ਹੈ। ਟਰੰਪ ਨੇ ਹਾਲਾਂਕਿ ਇਸ ਬਾਰੇ ਬਹੁਤੀ ਤਫ਼ਸੀਲ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਹੁਣ ਤੱਕ ਕਿੰਨੀ ਵਾਰ ਪੂਤਿਨ ਨਾਲ ਗੱਲਬਾਤ ਕੀਤੀ ਹੈ ਤਾਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਇਸ ਬਾਰੇ ਕੁਝ ਵੀ ਨਾ ਕਹਿਣਾ ਚੰਗਾ ਹੋਵੇਗਾ।’’ ਟਰੰਪ ਨੇ ਅਮਰੀਕੀ ਅਖ਼ਬਾਰ ‘ਨਿਊਯਾਰਕ ਪੋਸਟ’ ਨੂੰ ਦੱਸਿਆ, ‘‘ਉਹ (ਪੂਤਿਨ) ਹੋਰ ਲੋਕਾਂ ਨੂੰ ਮਰਦੇ ਨਹੀਂ ਦੇਖਣਾ ਚਾਹੁੰਦਾ ਹੈ।’’ ਉਧਰ ਕਰੈਮਲਿਨ ਜਾਂ ਵ੍ਹਾਈਟ ਹਾਊਸ ਵਿਚੋਂ ਕਿਸੇ ਨੇ ਵੀ ਦੋਵੇਂ ਆਗੂਆਂ ਦਰਮਿਆਨ ਕਿਸੇ ਤਰ੍ਹਾਂ ਦੀ ਗੱਲਬਾਤ ਹੋਣ ਬਾਰੇ ਪੁਸ਼ਟੀ ਨਹੀਂ ਕੀਤੀ ਹੈ। ਪਿਛਲੇ ਮਹੀਨੇ ਕਰੈਮਲਿਨ ਦੇ ਤਰਜਮਾਨ ਦਮਿਤਰੀ ਪੇਸਕੋਵ ਨੇ ਕਿਹਾ ਸੀ ਕਿ ਪੂਤਿਨ ਆਪਣੇ ਅਮਰੀਕੀ ਹਮਰੁਤਬਾ ਨਾਲ ਫੋਨ ’ਤੇ ਗੱਲਬਾਤ ਕਰਨ ਲਈ ਤਿਆਰ ਹਨ।