ਭਿਆਨਕ ਅੱਗ ਲੱਗਣ ਕਾਰਨ ਨੁਕਸਾਨੇ ਗਏ ਮਸਜਿਦ ਅਤੇ ਦੋ ਘਰ
ਸ਼੍ਰੀਨਗਰ ਦੇ ਈਦਗਾਹ ਇਲਾਕੇ 'ਚ ਬੁੱਧਵਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਇਕ ਮਸਜਿਦ ਅਤੇ ਦੋ ਘਰ ਨੁਕਸਾਨੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਸਵੇਰੇ 11.15 ਵਜੇ ਫਿਰਦੌਸ ਕਾਲੋਨੀ ਵਿਚ ਮਸਜਿਦ ਉਮਰ ਵਿਚ ਲੱਗੀ ਅਤੇ ਇਸ ਨੇ ਨੇੜਲੇ ਦੋ ਘਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਨਾਲ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਿਆ। ਉਨ੍ਹਾਂ ਦੱਸਿਆ ਕਿ ਤੇਜ਼ ਅੱਗ ਬੁਝਾਉਣ ਲਈ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ ਸੀ। ਹਾਲਾਂਕਿ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼੍ਰੀਨਗਰ ਵਿਚ 10 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਨੁਕਸਾਨੀ ਜਾਣ ਵਾਲੀ ਇਹ ਦੂਜੀ ਮਸਜਿਦ ਹੈ। 25 ਜੂਨ ਨੂੰ ਸ਼੍ਰੀਨਗਰ ਸ਼ਹਿਰ ਦੇ ਬੋਹੜੀ ਕਦਲ ਵਿਚ ਭਿਆਨਕ ਅੱਗ ਲੱਗਣ ਦੀ ਘਟਨਾ ਵਿਚ ਇਕ ਮਸਜਿਦ, 6 ਸ਼ਾਪਿੰਗ ਸੈਂਟਰ ਅਤੇ ਕਰੀਬ 20 ਘਰ ਨੁਕਸਾਨੇ ਗਏ ਸਨ।