ਈਰਾਨੀ ਗਾਇਕਾ ਨੇ Youtube 'ਤੇ ਸ਼ੇਅਰ ਕੀਤੀ ਆਪਣੇ ਗੀਤ ਦੀ ਵੀਡੀਓ, ਹਿਜਾਬ ਨਾ ਪਾਉਣ 'ਤੇ ਪੁਲਿਸ ਨੇ ਭੇਜਿਆ ਜੇਲ੍ਹ, ਜਾਣੋ ਪੂਰਾ ਮਾਮਲਾ

ਈਰਾਨੀ ਗਾਇਕਾ ਨੇ Youtube 'ਤੇ ਸ਼ੇਅਰ ਕੀਤੀ ਆਪਣੇ ਗੀਤ ਦੀ ਵੀਡੀਓ, ਹਿਜਾਬ ਨਾ ਪਾਉਣ 'ਤੇ ਪੁਲਿਸ ਨੇ ਭੇਜਿਆ ਜੇਲ੍ਹ, ਜਾਣੋ ਪੂਰਾ ਮਾਮਲਾ
Parastoo Ahmadi: ਇਰਾਨ ਵਿੱਚ ਇੱਕ 27 ਸਾਲਾ ਗਾਇਕ ਨੂੰ ਵਰਚੁਅਲ ਗੀਤ ਗਾਉਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ, ਗਾਇਕਾ ਨੇ ਗੀਤ ਦੌਰਾਨ ਹਿਜਾਬ ਨਹੀਂ ਪਾਇਆ ਹੋਇਆ ਸੀ ਤੇ ਉਸ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ। ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਗਾਇਕ ਦੇ ਗੀਤ ਨੂੰ 15 ਲੱਖ ਤੋਂ ਵੱਧ ਲੋਕ ਦੇਖ ਅਤੇ ਸੁਣ ਚੁੱਕੇ ਹਨ। 

ਕੀ ਹੈ ਪੂਰਾ ਮਾਮਲਾ

ਮੀਡੀਆ ਰਿਪੋਰਟਾਂ ਮੁਤਾਬਕ, ਗਾਇਕ ਦੀ ਪਛਾਣ ਪਰਸਤੂ ਅਹਿਮਦੀ (Parastoo Ahmadi) ਵਜੋਂ ਹੋਈ ਹੈ। ਪਰਸਤੂ ਨੂੰ ਸ਼ਨੀਵਾਰ ਨੂੰ ਈਰਾਨ ਦੇ ਸਾਰੀ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਸਰੀ ਈਰਾਨ ਦੇ ਮਜ਼ਦਰਾਨ ਸੂਬੇ ਦਾ ਇੱਕ ਸ਼ਹਿਰ ਹੈ, ਜੋ ਰਾਜਧਾਨੀ ਤਹਿਰਾਨ ਤੋਂ ਲਗਭਗ 280 ਕਿਲੋਮੀਟਰ ਦੂਰ ਹੈ। 

ਯੂਟਿਊਬ 'ਤੇ ਆਪਣੇ ਗੀਤ ਦਾ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਵੀਰਵਾਰ ਨੂੰ ਪਰਸਤੂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਵੀਡੀਓ 'ਚ ਪਰਸਤੂ ਬਲੈਕ ਡਰੈੱਸ 'ਚ ਪਰਫਾਰਮ ਕਰਦੀ ਨਜ਼ਰ ਆ ਰਹੀ ਹਨ। ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ।

ਸੰਗੀਤਕਾਰ ਵੀ ਕੀਤੇ ਗ੍ਰਿਫ਼ਤਾਰ

ਮੀਡੀਆ ਰਿਪੋਰਟਾਂ ਮੁਤਾਬਕ, ਪਰਸਤੂ ਦੇ ਪਿੱਛੇ ਖੜ੍ਹੇ ਚਾਰ ਸੰਗੀਤਕਾਰਾਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਨੂੰ ਰਾਜਧਾਨੀ ਤਹਿਰਾਨ ਤੋਂ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਈਰਾਨ 'ਚ ਔਰਤਾਂ ਲਈ ਹਿਜਾਬ ਪਹਿਨਣਾ ਲਾਜ਼ਮੀ ਹੈ ਤੇ ਇਰਾਨ ਦਾ ਇਤਿਹਾਸ ਹੈ ਕਿ ਇਸ ਨਿਯਮ ਦੀ ਪਾਲਣਾ ਨਾ ਕਰਨ ਵਾਲੀਆਂ ਔਰਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। 

ਹਿਜਾਬ ਨੂੰ ਲੈ ਕੇ ਪਹਿਲਾਂ ਵੀ ਹੋਇਆ ਸੀ ਪ੍ਰਦਰਸ਼ਨ

ਸਾਲ 2022 'ਚ ਈਰਾਨ 'ਚ ਹਿਜਾਬ ਦੇ ਖਿਲਾਫ ਵੀ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। ਇਹ ਵਿਰੋਧ ਪ੍ਰਦਰਸ਼ਨ 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਨੂੰ ਈਰਾਨੀ ਪੁਲਿਸ ਨੇ ਹਿਜਾਬ ਨਾ ਪਹਿਨਣ ਕਾਰਨ ਤਸੀਹੇ ਦਿੱਤੇ ਸਨ, ਜਿਸ ਨਾਲ ਮਾਹਸਾ ਦੀ ਮੌਤ ਹੋ ਗਈ ਸੀ।