ਰਾਸ਼ਟਰਪਤੀ ਨੇ ‘ਡੀਪਫੇਕ’ ਦੀ ਸਮੱਸਿਆ ਦਾ ਮਾਮਲਾ ਉਠਾਇਆ

ਰਾਸ਼ਟਰਪਤੀ ਨੇ ‘ਡੀਪਫੇਕ’ ਦੀ ਸਮੱਸਿਆ ਦਾ ਮਾਮਲਾ ਉਠਾਇਆ

ਨਵੀਂ ਦਿੱਲੀ

ਅਪਰਾਧੀਆਂ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ‘ਡੀਪਫੇਕ’ ਵਰਗੀਆਂ ਸਮੱਸਿਆਵਾਂ ਪੈਦਾ ਕੀਤੇ ਜਾਣ ਸਬੰਧੀ ਚਾਨਣਾ ਪਾਉਂਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਪੁਲੀਸ ਅਧਿਕਾਰੀਆਂ ਨੂੰ ਤਕਨੀਕ ਦੇ ਖੇਤਰ ਵਿੱਚ ਨਵੀਆਂ ਜਾਣਕਾਰੀਆਂ ਸਬੰਧੀ ਅੱਪਡੇਟ ਰਹਿਣਾ ਹੋਵੇਗਾ। ਮੁਰਮੂ ਨੇ ਇੱਥੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨਾਲ ਮੁਲਾਕਾਤ ਕਰਨ ਆਏ 2022 ਬੈਚ ਦੇ ਭਾਰਤੀ ਪੁਲੀਸ ਸੇਵਾ (ਆਈਪੀਐੱਸ) ਦੇ ਪ੍ਰੋਬੇਸ਼ਨ ਅਧਿਕਾਰੀਆਂ ਦੇ ਇੱਕ ਗਰੁੱਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲੀਸ ਬਲਾਂ ਸਾਹਮਣੇ ਸਾਈਬਰ ਅਪਰਾਧ, ਨਸ਼ੀਲੇ ਪਦਾਰਥ, ਖੱਬੇਪੱਖੀ ਕੱਟੜਵਾਦ ਅਤੇ ਅਤਿਵਾਦ ਵਰਗੀਆਂ ਕਈ ਚੁਣੌਤੀਆਂ ਹਨ। ਰਾਸ਼ਟਰਪਤੀ ਨੇ ਕਿਹਾ, ‘‘ਨਵੀਂ ਤਕਨੀਕ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਕਾਰਨ ਹਾਲਾਤ ਤੇਜ਼ੀ ਨਾਲ ਬਦਲਦੇ ਹਨ। ਅਪਰਾਧੀ ‘ਜੈਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ’ ਦੀ ਵਰਤੋਂ ਕਰਦੇ ਹਨ ਅਤੇ ‘ਡੀਪਫੇਕ’ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀਆਂ ਨੂੰ ਤਕਨੀਕ ਦੇ ਖੇਤਰ ਵਿੱਚ ਹਮੇਸ਼ਾਂ ਕਈ ਨਵੀਆਂ ਜਾਣਕਾਰੀਆਂ ਬਾਰੇ ਅੱਪਡੇਟ ਰਹਿਣਾ ਹੋਵੇਗਾ। ‘ਡੀਪਫੇਕ’ ਤਕਨੀਕ ਸ਼ਕਤੀਸ਼ਾਲੀ ਕੰਪਿਊਟਰ ਅਤੇ ਸਿੱਖਿਆ ਦੀ ਵਰਤੋਂ ਕਰ ਕੇ ਵੀਡੀਓ, ਤਸਵੀਰਾਂ, ਆਡੀਓ ਵਿੱਚ ਛੇੜਛਾੜ ਕਰਨ ਦੀ ਇੱਕ ਵਿਧੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਅਤੇ ਕਾਨੂੰਨ ਵਿਵਸਥਾ ਦੀ ਮੁੱਖ ਜ਼ਿੰਮੇਵਾਰੀ ਸੂਬਾ ਸਰਕਾਰਾਂ ਦੀ ਹੈ। ਮੁਰਮੂ ਦੇ ਹਵਾਲੇ ਨਾਲ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ‘‘ਪਰ, ਆਈਪੀਐੱਸ ਅਧਿਕਾਰੀ ਸੂਬਾ ਸਰਕਾਰਾਂ ਵੱਲੋਂ ਨਿਯੁਕਤ ਪੁਲੀਸ ਮੁਲਾਜ਼ਮਾਂ ਦੀ ਅਗਵਾਈ ਕਰਦੇ ਹਨ। ਇਸ ਤਰ੍ਹਾਂ ਦੇਸ਼ ਦੀ ਪੁਲੀਸ ਵਿਵਸਥਾ ਨੂੰ ਇੱਕ ਭਾਰਤੀ ਸੂਤਰ ਵਿੱਚ ਪਿਰੋਣ ਦਾ ਕੰਮ ਭਾਰਤੀ ਪੁਲੀਸ ਸੇਵਾ ਦੇ ਅਧਿਕਾਰੀ ਕਰਦੇ ਹਨ।’’ ਰਾਸ਼ਟਰਪਤੀ ਨੇ ਕਿਹਾ ਕਿ ਆਰਥਿਕ ਤੇ ਸਮਾਜਿਕ ਵਿਕਾਸ ਲਈ ਦ੍ਰਿੜ ਕਾਨੂੰਨ ਵਿਵਸਥਾ ਲਾਜ਼ਮੀ ਸ਼ਰਤ ਹੈ। ਉਨ੍ਹਾਂ ਕਿਹਾ ਕਿ ‘ਅੰਮ੍ਰਿਤ ਕਾਲ’ ਵਿੱਚ ਦੇਸ਼ ਨੂੰ ਵਿਕਸਤ ਦੇਸ਼ ਬਣਾਉਣ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਪੁਲੀਸ ਅਧਿਕਾਰੀ ਵੀ ਫ਼ੈਸਲਾਕੁਨ ਭੂਮਿਕਾ ਨਿਭਾਉਣਗੇ।