ਬਰਤਾਨਵੀ ਦੌਰ ਦੀਆਂ ਸੱਤ ਹਜ਼ਾਰ ‘ਥ੍ਰੀ ਨਾਟ ਥ੍ਰੀ’ ਰਾਈਫਲਾਂ ਨੂੰ ਜਲਦ ਹਟਾਏਗੀ ਦਿੱਲੀ ਪੁਲਿਸ

ਬਰਤਾਨਵੀ ਦੌਰ ਦੀਆਂ ਸੱਤ ਹਜ਼ਾਰ ‘ਥ੍ਰੀ ਨਾਟ ਥ੍ਰੀ’ ਰਾਈਫਲਾਂ ਨੂੰ ਜਲਦ ਹਟਾਏਗੀ ਦਿੱਲੀ ਪੁਲਿਸ

ਨਵੀਂ ਦਿੱਲੀ (ਮਹਾਪੰਜਾਬ ਬਿਓਰੋ)    

ਬਰਤਾਨਵੀ ਦੌਰ ਦੀਆਂ .303 ਰਾਈਫਲਾਂ, ਜੋ ਦਹਾਕਿਆਂ ਤੋਂ ਦਿੱਲੀ ਪੁਲਿਸ ਦਾ ਹਿੱਸਾ ਸਨ, ਨੂੰ ਜਲਦ ਹੀ ਪੁਲਿਸ ਫੋਰਸ ਤੋਂ ਹਟਾ ਦਿਤਾ ਜਾਵੇਗਾ।

ਦਿੱਲੀ ਪੁਲਿਸ ਅਨੁਸਾਰ, ਘੱਟੋ-ਘੱਟ 7,000 ਅਜਿਹੇ ਹਥਿਆਰ, ਜਿਨ੍ਹਾਂ ਨੂੰ 'ਥ੍ਰੀ-ਨਾਟ-ਥ੍ਰੀ' ਰਾਈਫਲਾਂ ਵਜੋਂ ਜਾਣਿਆ ਜਾਂਦਾ ਹੈ, ਨੂੰ ਫੋਰਸ ਤੋਂ ਹਟਾਏ ਜਾਣ ਦੀ ਤਿਆਰੀ ਚਲ ਰਹੀ ਹੈ। ਅਧਿਕਾਰੀ ਨੇ ਕਿਹਾ, ‘‘ਇਨ੍ਹਾਂ ਹਥਿਆਰਾਂ ਦੀ ਵਰਤੋਂ ਕਈ ਸਾਲ ਪਹਿਲਾਂ ਬੰਦ ਹੋ ਗਈ ਸੀ ਅਤੇ ਹੁਣ ਇਨ੍ਹਾਂ ਨੂੰ ਨਸ਼ਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।’’ ਇਹ .303 ਰਾਈਫਲਾਂ ਦਿੱਲੀ ਪੁਲਿਸ ਦੀ ਅਸਲਾ ਇਕਾਈ ’ਚ ਰੱਖੀਆਂ ਗਈਆਂ ਹਨ।

ਸੂਤਰਾਂ ਅਨੁਸਾਰ ਇਨ੍ਹਾਂ ਹਥਿਆਰਾਂ ਨੂੰ ਨਸ਼ਟ ਕਰਨ ਦੀ ਨਿਗਰਾਨੀ ਲਈ ਜੁਆਇੰਟ ਕਮਿਸ਼ਨਰ ਰੈਂਕ ਦੇ ਅਧਿਕਾਰੀ ਨੂੰ ਨਿਯੁਕਤ ਕੀਤਾ ਗਿਆ ਹੈ।

ਸੂਤਰਾਂ ਨੇ ਦਸਿਆ ਕਿ ਸਾਰੀ ਮੁਹਿੰਮ ਗ੍ਰਹਿ ਮੰਤਰਾਲੇ ਵਲੋਂ ਗਠਿਤ ਕਮੇਟੀ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ। .303 ਕੈਲੀਬਰ ਦੀ ਲੀ-ਐਨਫੀਲਡ ਰਾਈਫਲ ਸ਼ੁਰੂ ਵਿਚ ਬਰਤਾਨੀਆਂ ਦੇ ਹਥਿਆਰ ਕਾਰਖ਼ਾਨੇ ’ਚ ਬਣਾਈ ਗਈ ਸੀ ਅਤੇ ਪਹਿਲੀ ਅਤੇ ਦੂਜੀ ਵਿਸ਼ਵ ਜੰਗ ’ਚ ਵਿਆਪਕ ਪੱਧਰ ’ਤੇ ਵਰਤੀ ਗਈ ਸੀ।

ਭਾਰਤ ਵਿਚ ਇਹ ਰਾਈਫਲਾਂ ਭਾਰਤੀ ਫੌਜ ਵਲੋਂ 1962 ਵਿਚ ਚੀਨ-ਭਾਰਤ ਜੰਗ ਦੌਰਾਨ ਵਰਤੀਆਂ ਗਈਆਂ ਸਨ ਅਤੇ ਬਾਅਦ ਵਿਚ ਸੂਬਾ ਪੁਲਿਸ ਫ਼ੋਰਸਾਂ ਨੂੰ ਸੌਂਪ ਦਿਤੀਆਂ ਗਈਆਂ ਸਨ।