ਤਿਲੰਗਾਨਾ ’ਚ ਸਰਕਾਰ ਬਣਨ ’ਤੇ ਰਾਮ ਮੰਦਿਰ ਦੀ ਯਾਤਰਾ ਮੁਫ਼ਤ: ਸ਼ਾਹ

ਤਿਲੰਗਾਨਾ ’ਚ ਸਰਕਾਰ ਬਣਨ ’ਤੇ ਰਾਮ ਮੰਦਿਰ ਦੀ ਯਾਤਰਾ ਮੁਫ਼ਤ: ਸ਼ਾਹ

ਹੈਦਰਾਬਾਦ, 18 ਨਵੰਬਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਐਲਾਨ ਕੀਤਾ ਕਿ ਜੇਕਰ ਭਾਜਪਾ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਹਾਸਲ ਕਰਦੀ ਹੈ ਤਾਂ ਉਹ ਤਿਲੰਗਾਨਾ ਵਾਸੀਆਂ ਲਈ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਮੁਫ਼ਤ ਯਾਤਰਾ ਯਕੀਨੀ ਬਣਾਵੇਗੀ। ਗਡਵਾਲ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਪਿਛਲੇ 70 ਸਾਲਾਂ ਵਿੱਚ ਰਾਮ ਮੰਦਿਰ ਦੇ ਨਿਰਮਾਣ ’ਚ ਵਿਘਨ ਪਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਦਿਰ ਦਾ ਭੂਮੀ ਪੂਜਨ ਕੀਤਾ ਸੀ ਅਤੇ ‘ਪ੍ਰਾਣ ਪ੍ਰਤਿਸ਼ਠਾ’ 22 ਜਨਵਰੀ, 2024 ਨੂੰ ਕਰਵਾਈ ਜਾਵੇਗੀ। ਸ਼ਾਹ ਨੇ ਰੈਲੀ ’ਚ ਮੌਜੂਦ ਲੋਕਾਂ ਨੂੰ ਤਿਲੰਗਾਨਾ ਵਿੱਚ ਭਾਜਪਾ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਅਯੁੱਧਿਆ ਵਿੱਚ ਭਗਵਾਨ ਰਾਮ ਦੇ ਮੁਫ਼ਤ ਦਰਸ਼ਨ ਕਰਵਾਉਣ ਦਾ ਪ੍ਰਬੰਧ ਕਰੇਗੀ। ਤਿਲੰਗਾਨਾ ਵਿੱਚ ਕੇਸੀਆਰ ਦੀ ਅਗਵਾਈ ਵਾਲੀ ਬੀਆਰਐੱਸ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਇਸ ਨੇ ਮੁਸਲਮਾਨਾਂ ਨੂੰ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦਿੱਤਾ, ਜੋ ਕਿ ਅਸੰਵਿਧਾਨਕ ਹੈ। ਸ਼ਾਹ ਨੇ ਪੱਛੜੇ ਵਰਗ ਨਾਲ ਸਬੰਧਿਤ ਨੇਤਾ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਦਾ ਭਾਜਪਾ ਦਾ ਵਾਅਦਾ ਦੁਹਰਾਇਆ।