ਬਾਇਡਨ ਦੇ ਬੱਚਿਆਂ ਨੂੰ ਨਹੀਂ ਮਿਲੇਗੀ ਖ਼ੁਫ਼ੀਆ ਏਜੰਸੀਆਂ ਦੀ ਸੁਰੱਖਿਆ: ਟਰੰਪ

ਬਾਇਡਨ ਦੇ ਬੱਚਿਆਂ ਨੂੰ ਨਹੀਂ ਮਿਲੇਗੀ ਖ਼ੁਫ਼ੀਆ ਏਜੰਸੀਆਂ ਦੀ ਸੁਰੱਖਿਆ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਡੈਮੋਕਰੇਟ ਜੋਅ ਬਾਇਡਨ ਦੇ ਬੱਚਿਆਂ ਨੂੰ ਦਿੱਤੀ ਗਈ ਖ਼ੁਫ਼ੀਆ ਸੇਵਾ ਸੁਰੱਖਿਆ ਨੂੰ ਤੁਰੰਤ ਸਮਾਪਤ ਕਰ ਰਹੇ ਹਨ, ਜਿਸਨੂੰ ਸਾਬਕਾ ਰਾਸ਼ਟਰਪਤੀ ਨੇ ਜਨਵਰੀ ਵਿੱਚ ਅਹੁਦਾ ਛੱਡਣ ਤੋਂ ਪਹਿਲਾਂ ਜੁਲਾਈ ਤੱਕ ਵਧਾ ਦਿੱਤਾ ਸੀ। ਰਿਪਬਲਿਕਨ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ’ਤੇ ਇਸ ਗੱਲ ’ਤੇ ਇਤਰਾਜ਼ ਜ਼ਾਹਰ ਕੀਤਾ ਕਿ ਇਸ ਹਫ਼ਤੇ ਦੱਖਣ ਅਫ਼ਰੀਕਾ ਵਿੱਚ ਰਹਿਣ ਦੌਰਾਨ ਹੰਟਰ ਬਾਇਡਨ ਦੀ ਸੁਰੱਖਿਆ ਲਈ 18 ਏਜੰਟ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਐਸ਼ਲੇ ਬਾਇਡਨ ਦੀ ਸੁਰੱਖਿਆ ਲਈ 13 ਏਜੰਟ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਾਇਡਨ ਦੇ ਬਾਲਗ ਬੱਚਿਆਂ ਦੀ ਇਸ ਖ਼ੁਫ਼ੀਆ ਸੁਰੱਖਿਆ ਸੇਵਾ ਨੂੰ ਹੁਣ ਹਟਾ ਦਿੱਤਾ ਜਾਵੇਗਾ। ਹਾਲ ਦੀ ਘੜੀ ਬਾਇਡਨ ਦੇ ਦਫ਼ਤਰ ਵੱਲੋਂ ਇਸ ਸਬੰਧੀ ਕੋਈ ਪ੍ਰਤੀਕਰਮ ਨਹੀਂ ਆਇਆ ਹੈ।

ਸੋਮਵਾਰ ਦੁਪਹਿਰ ਟਰੰਪ ਵੱਲੋਂ ‘ਜੌਹਨ ਐੱਫ ਕੈਨੇਡੀ ਸੈਂਟਰ ਫਾਰ ਦਿ ਪਰਫਾਰਮਿੰਗ ਆਰਟਸ’ ਦੇ ਦੌਰੇ ਸਮੇਂ ਪੱਤਰਕਾਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਹ ਸਾਬਕਾ ਰਾਸ਼ਟਰਪਤੀ ਬਾਇਡਨ ਦੇ ਪੁੱਤਰ ਨੂੰ ਦਿੱਤੀ ਗਈ ਸੁਰੱਖਿਆ ਵਾਪਸ ਲੈਣਗੇ? ਇਸ ’ਤੇ ਰਾਸ਼ਟਰਪਤੀ ਟਰੰਪ ਨੇ ਕਿਹਾ,‘ਠੀਕ ਹੈ, ਅਸੀਂ ਕਈ ਲੋਕਾਂ ਨਾਲ ਅਜਿਹਾ ਕੀਤਾ ਹੈ। ਮੈਂ ਕਹਾਂਗਾ ਕਿ ਜੇ ਹੰਟਰ ਬਾਇਡਨ ਨਾਲ 18 ਵਿਅਕਤੀ ਹਨ ਤਾਂ ਮੈਂ ਅੱਜ ਦੁਪਹਿਰ ਇਸ ’ਤੇ ਵਿਚਾਰ ਕਰਾਂਗਾ।’ ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲੀ ਵਾਰ ਇਸ ਮਸਲੇ ਬਾਰੇ ਸੁਣਿਆ ਹੈ ਤੇ ਉਹ ਇਸ ’ਤੇ ਵਿਚਾਰ ਕਰਨਗੇ।