ਨਿਊਯਾਰਕ/ਵਾਸ਼ਿੰਗਟਨ, 1 ਅਪਰੈਲ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਲਕੇ ਭਾਰਤ ਸਣੇ ਹੋਰ ਮੁਲਕਾਂ ’ਤੇ ਜਵਾਬੀ ਟੈਕਸ ਲਾਏ ਜਾਣ ਦਾ ਐਲਾਨ ਕੀਤਾ ਜਾਵੇਗਾ। ਪਿਛਲੇ ਮਹੀਨੇ ਦੇ ਸ਼ੁਰੂ ’ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਮੌਜੂਦਾ ਟੈਕਸ ‘ਆਰਜ਼ੀ’ ਅਤੇ ‘ਥੋੜ੍ਹੇ’ ਹਨ ਪਰ ਜਵਾਬੀ ਟੈਕਸ 2 ਅਪਰੈਲ ਤੋਂ ਲਾਏ ਜਾਣਗੇ। ਟਰੰਪ ਦਾ ਦਾਅਵਾ ਹੈ ਕਿ ਟੈਕਸ ਅਮਰੀਕਾ ਲਈ ਵੱਡਾ ਬਦਲਾਅ ਲਿਆਉਣਗੇ। ਜਵਾਬੀ ਟੈਕਸ ਲਾਏ ਜਾਣ ਦੇ ਐਲਾਨ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਆਪਣੇ ਟੈਕਸਾਂ ’ਚ ਕਾਫੀ ਹੱਦ ਤੱਕ ਕਟੌਤੀ ਕਰੇਗਾ। ਆਪਣੇ ਓਵਲ ਦਫ਼ਤਰ ’ਚ ਸੋਮਵਾਰ ਨੂੰ ਸਵਾਲਾਂ ਦਾ ਜਵਾਬ ਦਿੰਦਿਆਂ ਟਰੰਪ ਨੇ ਕਿਹਾ, ‘‘ਮੈਨੂੰ ਜਾਪਦਾ ਹੈ ਕਿ ਕਈ ਮੁਲਕ ਆਪਣੇ ਟੈਕਸਾਂ ’ਚ ਕਟੌਤੀ ਕਰਨਗੇ ਕਿਉਂਕਿ ਉਹ ਕਈ ਸਾਲਾਂ ਤੋਂ ਅਮਰੀਕਾ ’ਤੇ ਗਲਤ ਢੰਗ ਨਾਲ ਮੋਟੇ ਟੈਕਸ ਲਗਾ ਰਹੇ ਹਨ।
ਯੂਰਪੀ ਯੂਨੀਅਨ ਨੇ ਕਾਰਾਂ ’ਤੇ ਟੈਕਸ ਘਟਾ ਕੇ ਢਾਈ ਫ਼ੀਸਦ ਕਰ ਦਿੱਤਾ ਹੈ। ਇਸ ਦਾ ਕੁਝ ਦਿਨ ਪਹਿਲਾਂ ਐਲਾਨ ਕੀਤਾ ਗਿਆ ਹੈ। ਅਮਰੀਕਾ ਵੈਸੇ ਹੀ ਬਹੁਤ ਥੋੜ੍ਹਾ ਟੈਕਸ ਵਸੂਲਦਾ ਹੈ।’’ ਟਰੰਪ ਨੇ ਕਿਹਾ, ‘‘ਮੈਂ ਹੁਣੇ ਕੁਝ ਸਮਾਂ ਪਹਿਲਾਂ ਸੁਣਿਆ ਹੈ ਕਿ ਭਾਰਤ ਵੀ ਕਾਫੀ ਹੱਦ ਤੱਕ ਟੈਕਸਾਂ ’ਚ ਕਟੌਤੀ ਕਰ ਰਿਹਾ ਹੈ। ਮੇਰਾ ਕਹਿਣਾ ਹੈ ਕਿ ਇਹ ਬਹੁਤ ਪਹਿਲਾਂ ਕਿਉਂ ਨਹੀਂ ਹੋਇਆ ਜਦਕਿ ਹੁਣ ਕਈ ਮੁਲਕ ਆਪਣੇ ਟੈਕਸ ਘਟਾਉਣ ਜਾ ਰਹੇ ਹਨ।’’ ਟਰੰਪ ਦੇ ਬਿਆਨ ਤੋਂ ਕੁਝ ਘੰਟੇ ਪਹਿਲਾਂ ਵ੍ਹਾਈਟ ਹਾਊਸ ਨੇ ਕਿਹਾ ਕਿ ਭਾਰਤ ਵੱਲੋਂ ਅਮਰੀਕੀ ਖੇਤੀਬਾੜੀ ਵਸਤਾਂ ’ਤੇ 100 ਫ਼ੀਸਦੀ ਟੈਕਸ ਵਸੂਲਿਆ ਜਾਂਦਾ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੀਵਿਟ ਨੇ ਕਿਹਾ ਕਿ ਵਾਧੂ ਟੈਕਸ ਵਸੂਲਣ ਕਾਰਨ ਅਮਰੀਕਾ ਵਲੋਂ ਇਨ੍ਹਾਂ ਦੇਸ਼ਾਂ ਵਿਚ ਬਰਾਮਦ ਕਰਨਾ ਲਗਭਗ ਅਸੰਭਵ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਜਵਾਬੀ ਟੈਕਸ ਲਗਾਉਣ ਦਾ 2 ਅਪਰੈਲ ਨੂੰ ਐਲਾਨ ਕਰਨਗੇ। ਲੀਵਿਟ ਨੇ ਚਾਰਟ ਦੇ ਹਵਾਲੇ ਨਾਲ ਕਿਹਾ, ‘‘ਯੂਰੋਪੀ ਯੂਨੀਅਨ ਅਮਰੀਕੀ ਡੇਅਰੀ ਉਤਪਾਦਾਂ ’ਤੇ 50 ਫ਼ੀਸਦੀ ਟੈਕਸ ਲਾਉਂਦੀ ਹੈ। ਅਮਰੀਕੀ ਚੌਲ ’ਤੇ ਜਪਾਨ 700 ਫ਼ੀਸਦੀ, ਅਮਰੀਕੀ ਖੇਤੀਬਾੜੀ ਵਸਤਾਂ ’ਤੇ ਭਾਰਤ 100 ਫ਼ੀਸਦੀ ਅਤੇ ਅਮਰੀਕੀ ਮੱਖਣ ਤੇ ਪਨੀਰ ਉਪਰ ਕੈਨੇਡਾ ਕਰੀਬ 300 ਫ਼ੀਸਦੀ ਟੈਕਸ ਵਸੂਲਦੇ ਹਨ।’’ ਉਨ੍ਹਾਂ ਕਿਹਾ ਕਿ ਇਹ ਹੁਣ ਜਵਾਬੀ ਟੈਕਸ ਲਗਾਉਣ ਦਾ ਸਮਾਂ ਹੈ ਅਤੇ ਰਾਸ਼ਟਰਪਤੀ ਅਮਰੀਕੀ ਲੋਕਾਂ ਦੇ ਹੱਕਾਂ ਲਈ ਇਤਿਹਾਸਕ ਕਦਮ ਚੁਕਣਗੇ।