ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਉਯਾਰਕ( ਯੂ ਐੱਸ ਏ) ਦੇ ਸਾਬਕਾ ਪ੍ਰਧਾਨ ਰਘਵੀਰ ਸਿੰਘ ਸੁਭਾਨਪੁਰ ਜੀ ਵੱਲੋਂ ਜਦੋਂ ਰੱਖੜ ਪੂੰਨਿਆ ਤੋਂ ਬਦਲ ਕੇ ਸਾਚਾ ਗੁਰੂ ਲਾਧੋ ਰੇ ਮਨਾਉਣ ਲਈ ਮੀਟਿੰਗ ਕੀਤੀ ਗਈ।
ਇਤਿਹਾਸ ਤਾਂ ਬਣਾਏ ਜਾਂਦੇ ਹਨ। ਕਦੇ ਆਪ ਨਹੀ ਬਣਦੇ। ਜਿਹੜੇ ਇਤਿਹਾਸ ਆਪ ਬਣਦੇ ਹਨ। ਉਹ ਮੰਨ ਮਰਜ਼ੀ ਵਾਲੇ ਹੁੰਦੇ ਹਨ। ਭਾਵ ਉਹ ਕਿਸੇ ਔਕੜਾਂ ਤੇ ਠੋਕਰਾਂ ਤੋਂ ਬਿਨਾ ਲਿਖਵਾ ਲਏ ਜਾਂਦੇ ਹਨ। ਸਿੱਖ ਇਤਿਹਾਸ ਨੂੰ ਲਾਂਭੇ ਰੱਖ ਕੇ ਮੰਨੂੰ ਬਾਦ ਵਾਲੀ ਸੋਚ ਰੱਖਣ ਵਾਲਿਆਂ ਨੇ ਸਿੱਖਾਂ ਦੇ ਇਤਿਹਾਸ ਨੂੰ ਅੱਗੇ ਆਉਣ ਹੀ ਨਹੀਂ ਦਿੱਤਾ। ਜਿਵੇਂ ਜਿਵੇਂ ਸਿੱਖਾਂ ਦਾ ਬਾਹਰਲੇ ਮੁਲਕਾਂ ਵੱਲ ਰੁਖ ਹੋਇਆ। ਉਹਨਾਂ ਨੇ ਸਮੇਂ ਸਮੇਂ ਅਪਨੇ ਸੱਚੇ ਤੇ ਅਸਲੀ ਇਤਿਹਾਸ ਤੋਂ ਸਿੱਖਾਂ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਹੀ ਸਿੱਖ ਲੀਡਰਾਂ ਵਿੱਚੋਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਸਾਬਕਾ ਪ੍ਰਧਾਨ ਰਘਬੀਰ ਸਿੰਘ ਸੁਭਾਨਪੁਰ ਜੀ ਵੱਲੋਂ ਵੀ ਇੱਕ ਵਿਲੱਖਣ ਕੰਮ ਨੂੰ ਅੰਜਾਮ ਦਿੱਤਾ ਗਿਆ। ਜਿਸ ਦੀ ਜਿੰਨੀ ਵੀ ਸਰਾਹਣਾ ਕੀਤੀ ਜਾਵੇ ਘੱਟ ਹੋਵੇਗੀ। ਕਿਉਂਕਿ ਇਹੋ ਜਿਹੇ ਕੰਮ ਕਰਨੇ ਵੇਖਣ ਨੂੰ ਤਾਂ ਸੌਖੇ ਲੱਗਦੇ ਹਨ। ਪਰ ਇਹਨਾਂ ਨੂੰ ਨੇਪਰੇ ਚਾੜ੍ਹਨ ਲਈ ਜਿਹਨਾਂ ਜਿਹਨਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਉਹੀ ਦੱਸ ਸਕਦਾ ਹੈ। ਜਿਹੜਾ ਇਸ ਵਿੱਚੋਂ ਨਿਕਲਿਆ ਹੋਵੇ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਕ੍ਰਿਪਾਲ ਸਿੰਘ ਬੰਡੂਗਰ ਜੀ ਦੇ ਕਾਰਜਕਾਲ ਵਿੱਚ ਅਮਰੀਕਾ ਤੋਂ ਇੱਕ ਬਫਦ ਉਹਨਾਂ ਨੂੰ ਮਿਲਦਾ ਹੈ। ਜਿਸ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੀ ਪਬੰਧਕ ਕਮੇਟੀ ਦੇ ਕੁੱਝ ਮੈਂਬਰ ਪ੍ਰਧਾਨ ਰਘਬੀਰ ਸਿੰਘ ਸੁਭਾਨਪੁਰ ਜੀ ਦੀ ਅਗਵਾਈ ਹੇਠ ਉਹਨਾਂ ਨਾਲ ਅਮਰੀਕਾ ਤੋਂ ਪੰਜਾਬ ਨੂੰ ਰਵਾਨਾ ਹੁੰਦੇ ਹਨ। ਜਿਹਨਾਂ ਵਿੱਚ ਸ਼ਾਨੇ ਪੰਜਾਬ ਨਿਉਜਪੇਪਰ ਦੇ ਮੁੱਖ ਸੰਪਾਦਕ ਹਰਬਖਸ ਸਿੰਘ ਟਾਹਲੀ , ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਸਾਬਕਾ ਪ੍ਰਧਾਨ ਹਿੰਮਤ ਸਿੰਘ ਸਰਪੰਚ ਅਤੇ ਮਹਿੰਦਰ ਸਿੰਘ ਮਹਿਮਤਪੁਰ ਜਥੇਦਾਰ ਕ੍ਰਿਪਾਲ ਸਿੰਘ ਬੰਡੂਗਰ ਜੀ ਨਾਲ ਮੀਟਿੰਗ ਕਰਕੇ ਇਹ ਮਸਲੇ ਦਾ ਹੱਲ ਕੱਢਦੇ ਹਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਜੀ ਵੱਲੋਂ ਵੀ ਇਸ ਕੰਮ ਲਈ ਅਪਨਾ ਵਧੀਆ ਰੋਲ ਅਦਾ ਕੀਤਾ ਜਾਂਦਾ ਹੈ। ਸ਼ਾਨੇ ਪੰਜਾਬ ਨਿਊਜਪੇਪਰ ਦੇ ਮੁੱਖ ਸੰਪਾਦਕ ਵੀ ਇਸ ਕਾਰਜ ਲਈ ਸ਼ਲਾਘਾ ਯੋਗ ਹਨ। ਰੱਖੜ ਪੂੰਨਿਆ ਤਿਉਹਾਰ ਸਿੱਖਾਂ ਦਾ ਤਿਉਹਾਰ ਨਹੀ ਹੈ। ਪਰ ਸਾਚਾ ਗੁਰ ਲਾਧੋ ਰੇ ਤੋਂ ਪਹਿਲਾਂ ਇਹ ਤਿਉਹਾਰ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਸੀ। ਪਰ ਜਦੋਂ ਸਿੱਖਾਂ ਦੇ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਜੀ ਨਾਲ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੀ ਗੱਲ ਆਉਂਦੀ ਹੈ, ਤਾਂ ਉਦੋਂ ਕਿਤੇ ਨ ਕਿਤੇ ਇੰਜ ਲੱਗਦਾ ਹੈ। ਕੌਮ ਨੇ ਐਡੇ ਵੱਡੇ ਵੱਡੇ ਯੋਧਿਆਂ ਨੂੰ ਕਿਹੜੀ ਗੱਲ ਤੋਂ ਲਾਂਭੇ ਰੱਖਿਆ। ਇਹ ਸਵਾਲ ਕਈ ਸਿੱਖਾਂ ਦੇ ਮਨਾਂ ਵਿੱਚ ਉੱਠਦਾ ਹੈ। ਜਿਹੜਾ ਜਾਗਦੀ ਜ਼ਮੀਰਾਂ ਵਾਲਿਆਂ ਨੂੰ ਪੁੱਛਦਾ ਹੈ। ਉਹਨਾਂ ਹੀ ਜ਼ਮੀਰਾਂ ਵਿੱਚੋਂ ਇਹ “ਸਾਚਾ ਗੁਰ ਲਾਧੋ ਰੇ “ ਦਿਵਸ ਵਾਜੋਂ ਪਨਪਿਆ ਹੈ। ਜਿਹੜਾ ਹਰ ਸਾਲ ਵੱਡੇ ਪੱਧਰ ਤੇ ਸ੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ। ਅਗਰ ਇਤਿਹਾਸ ਲਿਖਣ ਵਾਲੇ ਮੌਕੇ ਤੇ ਸਹੀ ਲਿਖਣ ਤਾਂ ਉਹ ਇਤਿਹਾਸ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਪਰ ਅਗਰ ਇਤਿਹਾਸ ਲਿਖਵਾਇਆ ਜਾਵੇ ਤਾਂ ਉਸ ਤੋਂ ਸਿੱਖਣ ਦੀ ਵਜਾਏ ਗਵਾਉਣ ਨੂੰ ਬਹੁਤ ਕੁੱਝ ਮਿਲਦਾ ਹੈ। ਜਿਸ ਤਰਾਂ ਅਸੀ ਇੱਕ ਸਦੀ ਦੇ ਮਹਾਨ ਨਾਇਕ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੂੰ ਭੁਲਾ ਬੈਠੇ ਸਾਂ। ਕਿਉਂਕਿ ਇਤਿਹਾਸ ਸਮੇਂ ਦੀਆਂ ਹਕੂਮਤਾਂ ਨੇ ਅੱਗੇ ਆਉਣ ਹੀ ਨਹੀਂ ਦਿੱਤਾ। ਬਾਬਾ ਮੱਖਣ ਸ਼ਾਹ ਲੁਬਾਣਾ ਜੀ ਉਸ ਸਮੇਂ ਦੇ ਏਸ਼ੀਆ ਦੇ ਵੱਡੇ ਵੱਡੇ ਵਿਉਪਾਰੀਆਂ ਨੂੰ ਟੱਕਰ ਦਿੰਦੇ ਸਨ। ਉਹਨਾਂ ਦਾ ਵਿਉਪਾਰ ਪੁਰੇ ਏਸ਼ੀਆ ਵਿੱਚ ਫੈਲਿਆ ਹੋਇਆ ਸੀ। ਉਹ ਸਿੱਖ ਕੌਮ ਦੇ ਸੱਚੇ ਸਰਧਾਲੂ ਸੰਨ। ਉਹਨਾਂ ਤੁਫ਼ਾਨਾਂ ਵਿੱਚ ਘਿਰਿਆਂ ਨੇ ਜਦੋਂ ਸੁੱਖ ਸਾਂਦ ਲਈ ਅਰਦਾਸ ਕੀਤੀ ਤਾਂ ਵਾਹਿਗੁਰੂ ਜੀ ਨੇ ਉਹਨਾਂ ਦੀ ਰੱਖਿਆ ਕੀਤੀ। ਇਸ ਤਰਾਂ ਬਾਬੇ ਬਕਾਲੇ ਦੀ ਧਰਤੀ ਤੇ ਅਰਦਾਸ ਵੇਲੇ ਸੁੱਖੀਂ ਹੋਈ ਸੁੱਖਣਾਂ ਲਾਉਣ ਲਈ ਜਾਂਦੇ ਹਨ। ਉਹ ਕੀ ਵੇਖਦੇ ਹਨ। ਉੱਥੇ ਨਕਲੀ ਬਾਬੇ ਅਪਨੀਆਂ ਸਮਾਧੀਆਂ ਲਾ ਕੇ ਬੈਠੇ ਹਨ। ਹੁਣ ਉਹ ਸੋਚਦੇ ਹਨ ਇਹਨਾਂ ਬਾਬਿਆਂ ਵਿੱਚ ਕੌਣ ਅਸਲੀ ਤੇ ਕੌਣ ਨਕਲੀ ਹੈ। ਇਹ ਪਤਾ ਕਰਨਾ ਬਹੁਤ ਮੁਸ਼ਕਿਲ ਹੈ। ਉਹ ਕੀ ਕਰਦੇ ਹਨ। ਹਰ ਬਾਬੇ ਅੱਗੇ ਸੋਨੇ ਦੀਆਂ ਪੰਜ ਪੰਜ ਮੌਹਰਾਂ ਰੱਖ ਕੇ ਅੱਗੇ ਨੂੰ ਤੁਰੀ ਜਾਂਦੇ ਹਨ। ਜਦੋਂ ਸਾਰਿਆਂ ਨੂੰ ਮੌਹਰਾਂ ਦੇ ਦਿੱਤੀਆਂ ਜਾਂਦੀਆਂ ਹਨ। ਉਹਨਾਂ ਵੱਲੋਂ ਪੁੱਛਿਆ ਜਾਂਦਾ ਹੈ। ਇੱਥੇ ਹੋਰ ਵੀ ਕੋਈ ਬਾਬਾ ਭਗਤੀ ਕਰਦਾ ਹੈ, ਤਾਂ ਕਿਸੇ ਵੱਲੋਂ ਦੱਸਿਆ ਜਾਂਦਾ ਹੈ। ਔਹ ਭੋਰੇ ਵਿੱਚ ਬਾਬਾ ਤੇਗਾ ਭਗਤੀ ਕਰਦੇ ਹਨ। ਬਾਬਾ ਮੱਖਣ ਸ਼ਾਹ ਲੁਬਾਣਾ ਜੀ ਬਾਬਾ ਤੇਗਾ ਜੀ ਵੱਲ ਨੂੰ ਚਾਲੇ ਪਾਉਂਦੇ ਹਨ। ਉੱਥੇ ਵੀ ਪੰਜ ਮੌਹਰਾਂ ਰੱਖ ਕੇ ਮੱਥਾ ਟੇਕਦੇ ਹਨ। ਬਾਬਾ ਜੀ ਮੁੱਖ ਵਿੱਚੋਂ ਬੋਲਦੇ ਹਨ। ਭਗਤਾ ਤੁਫ਼ਾਨਾਂ ਵਿੱਚ ਘਿਰੇ ਵੇਲੇ ਕੀਤੀ ਅਰਦਾਸ ਵਾਹਿਗੁਰੂ ਵੱਲੋਂ ਕਬੂਲ ਕੀਤੀ ਗਈ। ਇਹ ਸੁਣਕੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੀ ਖੂਸੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ। ਉਹ ਭੌਰੇ ਵਿੱਚੋਂ ਬਾਹਰ ਆਕੇ ਕੋਠੇ ਤੇ ਚੜ੍ਹਕੇ ਹੌਕਾ ਦਿੰਦੇ ਹਨ। ਸਾਚਾ ਗੁਰ ਲਾਧੋ ਰੇ …. ਸਾਚਾ ਗੁਰ ਲਾਧੋ ਰੇ… ਇਸ ਤਰਾਂ ਜਿੱਥੇ ਪਖੰਡੀ ਬਾਬਿਆਂ ਦਾ ਪਰਦਾ ਪਾਸ ਹੁੰਦਾ ਹੈ। ਉੱਥੇ ਗੁਰੂ ਨਾਨਕ ਦੇਵ ਜੀ ਯੋਤ ਦੇ ਨੌਵੇਂ ਗੁਰੂ ਪ੍ਰਗਟ ਹੁੰਦੇ ਹਨ। ਜ਼ਿਹਨਾਂ ਨੂੰ ਸਿੱਖ ਕੌਮ ਸ੍ਰੀ ਗੁਰੂ ਤੇਗ ਬਹਾਦਰ ਜੀ ਵਾਜੋਂ ਜਾਣਦੀ ਹੈ। ਜਿਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ। ਇੱਥੇ ਅਗਰ ਇਤਿਹਾਸ ਦੀ ਅੱਗੇ ਗੱਲ ਚੱਲੇਗੀ। ਉਸ ਇਤਿਹਾਸ ਵਿੱਚ ਇਹ ਨਾਂਅ ਹਮੇਸ਼ਾ ਚਮਕਦੇ ਰਹਿਣਗੇ। ਜਿਹਨਾਂ ਨੇ ਅਪਨੀ ਸੱਚੀ ਨਿਸ਼ਚਾ ਨਾਲ “ਸਾਚਾ ਗੁਰੂ ਲਾਧੋ ਰੇ “ ਤਿਉਹਾਰ ਵਾਜੋਂ ਕੌਮ ਦੀ ਝੋਲੀ ਵਿੱਚ ਪਾਇਆ। ਮਹਾਪੰਜਾਬ ਦੇ ਮੁੱਖ ਸੰਪਾਦਕ ਤਜਿੰਦਰ ਸਿੰਘ ਵੱਲੋਂ ਜਿੱਥੇ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੀ ਪ੍ਰੰਬਧਕ ਕਮੇਟੀ ਨੂੰ ਇਸ ਕਾਰਜ ਲਈ ਵਧਾਈ ਦੇਣੀ ਬਣਦੀ ਹੈ। ਉੱਥੇ ਪ੍ਰਧਾਨ ਰਘਬੀਰ ਸਿੰਘ ਸੁਭਾਨਪੁਰ , ਹਰਬਖਸ ਸਿੰਘ ਟਾਹਲੀ, ਹਿਮੰਤ ਸਿੰਘ ਸਰਪੰਚ ਅਤੇ ਮਹਿੰਦਰ ਸਿੰਘ ਮਹਿਮਤਪੁਰ ਨੂੰ ਸ਼ਾਬਾਸ਼ ਦੇਣੀ ਵੀ ਬਣਦੀ ਹੈ। ਜਿਹਨਾਂ ਨੇ ਅਪਨੀ ਕੌਮ ਦੇ ਇੱਕ ਸੱਚੇ ਨਾਇਕ ਨੂੰ ਕੌਮ ਅੱਗੇ ਲਿਆਂਦਾ ਤੇ ਉਸ ਦੇ ਇਤਿਹਾਸ ਤੋਂ ਜਾਣੂ ਕਵਾਇਆ। ਮਹਾਪੰਜਾਬ ਹਮੇਸ਼ਾ ਸੱਚ ਹੱਕ ਦੀ ਗੱਲ ਕਰਦਾ ਰਹੇਗਾ। ਇਹੋ ਜਿਹੇ ਸੱਚੇ ਮਾਰਗ ਤੇ ਚੱਲਣ ਵਾਲਿਆਂ ਨਾਲ ਖੜ੍ਹਨ ਦਾ ਸਬੂਤ ਦਿੰਦਾ ਰਹੇਗਾ। ਜਿਹੜੇ ਅਪਨੇ ਕੌਮ ਪ੍ਰਤੀ ਐਨੇ ਵੱਡੇ ਸ਼ੁੱਭਚਿੰਤਕ ਹਨ। ਉਸ ਵੇਲੇ ਦੀਆਂ ਤਸਵੀਰਾਂ ਵੀ ਅਪਨੀ ਸੰਗਤ ਨਾਲ “ਸਾਚਾ ਗੁਰੂ ਲਾਧੋ ਰੇ “ ਮੌਕੇ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਤਾਂ ਜੋ ਸੰਗਤਾਂ ਨੂੰ ਇਤਿਹਾਸ ਦੀ ਜਾਣਕਾਰੀ ਰਹੇ।