ਜੈਪੁਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰਨ ਪਰ ਰਾਜਸਥਾਨ ’ਚ ਇੱਕ ਵਾਰ ਫਿਰ ਕਾਂਗਰਸ ਦੀ ਹੀ ਸਰਕਾਰ ਬਣੇਗੀ। ਉਨ੍ਹਾਂ ਅਮੀਰ ਲੋਕਾਂ ਨੂੰ ਹੋਰ ਅਮੀਰ ਤੇ ਗਰੀਬਾਂ ਨੂੰ ਹੋਰ ਗਰੀਬ ਬਣਾਉਣ ਦਾ ਕੰਮ ਕਰਨ ਲਈ ਭਾਜਪਾ ਨੂੰ ਵੀ ਨਿਸ਼ਾਨੇ ’ਤੇ ਲਿਆ।
ਉਹ ਭਰਤਪੁਰ ਜ਼ਿਲ੍ਹੇ ਦੇ ਵੈਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਮੋਦੀ ਜੀ, ਲੱਖ ਕੋਸ਼ਿਸ਼ ਕਰਨ ਪਰ (ਰਾਜਸਥਾਨ ’ਚ) ਇਸ ਵਾਰ ਮੁੜ ਕਾਂਗਰਸ ਹੀ ਆਵੇਗੀ।’
ਖੜਗੇ ਨੇ ਦੋਸ਼ ਲਾਇਆ ਕਿ ਭਾਜਪਾ ਅਮੀਰਾਂ ਨੂੰ ਹੋਰ ਅਮੀਰ ਅਤੇ ਗਰੀਬ ਲੋਕਾਂ ਨੂੰ ਹੋਰ ਗਰੀਬ ਬਣਾਉਣ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ, ‘ਉਨ੍ਹਾਂ (ਭਾਜਪਾ) ਨੇ ਗਰੀਬ ਨੂੰ ਗਰੀਬ ਹੀ ਰੱਖਣਾ ਹੈ ਅਤੇ ਅਮੀਰ ਨੂੰ ਹੋਰ ਅਮੀਰ ਬਣਾਉਣਾ ਹੈ। ਇਸ ਲਈ ਉਹ ਹਮੇਸ਼ਾ ਆਪਣੇ ਮਿੱਤਰਾਂ ਲਈ ਕੰਮ ਕਰਦੀ ਹੈ ਜਦਕਿ ਕਾਂਗਰਸ ਗਰੀਬਾਂ, ਕਿਸਾਨਾਂ ਤੇ ਨੌਜਵਾਨਾਂ ਲਈ ਕੰਮ ਕਰਦੀ ਹੈ।’ ਉਨ੍ਹਾਂ ਕਿਹਾ, ‘ਅਸੀਂ ਗਰੀਬਾਂ ਲਈ ਕੁਝ ਬੋਲਦੇ ਹਾਂ ਤਾਂ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਇਸ ਸਾਰੇ ਰਿਉੜੀਆਂ, ਪੈਸੇ ਵੰਡ ਰਹੇ ਹਨ। ਗਹਿਲੋਤ ਪੂਰਾ ਖਜ਼ਾਨਾ ਗਰੀਬਾਂ ’ਤੇ ਲੁਟਾ ਰਹੇ ਹਨ। ਇਸ ਨਾਲ ਕੀ ਫਾਇਦਾ ਹੋਵੇਗਾ? ਇਹ ਉਨ੍ਹਾਂ ਦਾ ਕਹਿਣਾ ਹੈ। ਅਸੀਂ ਤਾਂ ਗਰੀਬ ਲੋਕਾਂ ਨੂੰ ਦੇ ਰਹੇ ਹਾਂ। ਤੁਸੀਂ ਤਾਂ ਅਮੀਰਾਂ ਦਾ 15 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ। ਜਦੋਂ ਅਸੀਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੋ ਤਾਂ ਤੁਸੀਂ ਅਜਿਹਾ ਨਹੀਂ ਕੀਤਾ।’ ਉਨ੍ਹਾਂ ਕਿਹਾ, ‘ਕੇਂਦਰ ਨੌਜਵਾਨਾਂ ਨੂੰ ਗੁਮਰਾਹ ਕਰਨ ਲਈ ਅਗਨੀਵੀਰ ਯੋਜਨਾ ਲਿਆਈ ਹੈ। ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਕੋਈ ਰਾਹ ਕੱਢਾਂਗੇ।’