ਇਮਰਾਨ ਖਾਨ ਨੇ ਕਸ਼ਮੀਰ 'ਰੋਡਮੈਪ' ਨਾਲ ਸ਼ਾਂਤੀ ਯੋਜਨਾ ਦਾ ਕੀਤਾ ਖੁਲਾਸਾ

ਇਮਰਾਨ ਖਾਨ ਨੇ ਕਸ਼ਮੀਰ 'ਰੋਡਮੈਪ' ਨਾਲ ਸ਼ਾਂਤੀ ਯੋਜਨਾ ਦਾ ਕੀਤਾ ਖੁਲਾਸਾ
ਭਾਰਤ ਅਤੇ ਪਾਕਿਸਤਾਨ ਵਿਚਾਲੇ ਕਈ ਮੁੱਦਿਆਂ 'ਤੇ ਵਿਵਾਦ ਕਈ ਸਾਲਾਂ ਤੋਂ ਚੱਲ ਰਿਹਾ ਹੈ। ਇਨ੍ਹਾਂ ਮਸਲਿਆਂ ਵਿਚ ਕਸ਼ਮੀਰ ਮੁੱਦੇ 'ਤੇ ਦੋਵੇਂ ਦੇਸ਼ ਇਕ ਇੰਚ ਵੀ ਨਹੀਂ ਝੁਕੇ ਹਨ। ਹੁਣ ਇਮਰਾਨ ਖਾਨ ਨੇ ਕਸ਼ਮੀਰ 'ਤੇ ਪਾਕਿਸਤਾਨ ਦੇ ਲੁਕਵੇਂ ਸਟੈਂਡ ਦਾ ਵੱਡਾ ਖੁਲਾਸਾ ਕੀਤਾ ਹੈ। ਇਮਰਾਨ ਖਾਨ ਨੇ ਕਿਹਾ ਕਿ ਜਦੋਂ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਨ ਤਾਂ ਉਦੋਂ ਉਹ ਭਾਰਤ ਨਾਲ ਕਸ਼ਮੀਰ ਮੁੱਦੇ ਦਾ ਹੱਲ ਕੱਢਣ ਲਈ ਕੰਮ ਕਰ ਰਹੇ ਸਨ। ਇਸ ਸਭ ਦੇ ਵਿਚਕਾਰ ਇਸਲਾਮਾਬਾਦ ਨੇ 2019 ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੀ ਮੇਜ਼ਬਾਨੀ ਕਰਨ ਦੀ ਵੀ ਯੋਜਨਾ ਬਣਾਈ ਸੀ।

ਪਾਕਿਸਤਾਨ ਦੇ ਤਤਕਾਲੀ ਸੈਨਾ ਮੁਖੀ ਜਨਰਲ ਕਮਰ ਬਾਜਵਾ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਸੀ ਅਤੇ ਅਗਸਤ 2019 ਵਿੱਚ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਦੇ ਭਾਰਤ ਦੇ ਫ਼ੈਸਲੇ ਦੇ ਬਾਵਜੂਦ ਪਾਕਿਸਤਾਨ ਇਸ ਨਾਲ ਅੱਗੇ ਵਧਿਆ। ਇਮਰਾਨ ਖਾਨ ਨੇ ਪ੍ਰਮੁੱਖ ਯੂਐਸ-ਅਧਾਰਤ ਥਿੰਕ ਟੈਂਕ ਅਟਲਾਂਟਿਕ ਕੌਂਸਲ ਨੂੰ ਦਿੱਤੇ ਇੰਟਰਵਿਊ ਵਿੱਚ ਭਾਰਤ-ਪਾਕਿਸਤਾਨ ਨੂੰ ਲੈ ਕੇ ਇਨ੍ਹਾਂ ਗੱਲਾਂ ਦਾ ਖੁਲਾਸਾ ਕੀਤਾ। ਇਮਰਾਨ ਖਾਨ ਦੇ ਬਾਜਵਾ ਨਾਲ ਸਬੰਧ ਉਦੋਂ ਵਿਗੜ ਗਏ ਜਦੋਂ ਫੌਜ ਨੇ ਉਨ੍ਹਾਂ ਦੀ ਸਰਕਾਰ ਨੂੰ ਸਮਰਥਨ ਦੇਣਾ ਬੰਦ ਕਰ ਦਿੱਤਾ। ਅਪ੍ਰੈਲ 2022 ਵਿਚ ਸੰਸਦੀ ਭਰੋਸੇ ਦੇ ਵੋਟ ਵਿਚ ਇਮਰਾਨ ਖਾਨ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ।