Amritsar News: ਅੰਮ੍ਰਿਤਸਰ ਦੇ ਮਜੀਠਾ 'ਚ ਬੁੱਧਵਾਰ ਰਾਤ 10.05 ਵਜੇ ਪੁਲਿਸ ਸਟੇਸ਼ਨ ਦੇ ਅੰਦਰ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਹ ਧਮਾਕਾ ਥਾਣੇ ਦੇ ਗੇਟ ਨੇੜੇ ਖੁੱਲ੍ਹੀ ਥਾਂ 'ਤੇ ਹੋਇਆ। ਧਮਾਕੇ ਤੋਂ ਬਾਅਦ ਥਾਣੇ ਦੇ ਗੇਟ ਬੰਦ ਕਰ ਦਿੱਤੇ ਗਏ। ਸ਼ੁਰੂਆਤੀ ਜਾਣਕਾਰੀ ਮੁਤਾਬਕ ਥਾਣੇ ਦੇ ਅੰਦਰ ਹੈਂਡ ਗ੍ਰੇਨੇਡ ਸੁੱਟਿਆ ਗਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਧਮਾਕਾ ਮੋਟਰਸਾਇਕਲ ਦਾ ਟਾਇਰ ਫਟਣ ਨਾਲ ਹੋਇਆ ਸੀ। ਇਸ ਨੂੰ ਲੈ ਕੇ ਹੁਣ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਸੋਸ਼ਲ ਮੀਡੀਆ ਉੱਤੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਗਈ ਹੈ। ਹਾਲਾਂਕਿ ABP ਸਾਂਝੀ ਇਸ ਦੀ ਪੁਸ਼ਟੀ ਨਹੀਂ ਕਰਦਾ। ਬੱਬਰ ਖਾਲਸਾ ਵੱਲੋਂ ਲਿਖਿਆ ਗਿਆ ਕਿ, ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ ਅੱਜ ਜੋ ਮਜੀਠੇ ਥਾਣੇ ਵਿੱਚ ਪੁਲਿਸ ਮੁਲਾਜਮਾਂ ਉੱਤੇ ਗਰਨੇਡ ਅਟੈਕ ਹੋਇਆ ਉਸਦੀ ਜਿੰਮੇਵਾਰੀ ਹੈਪੀ ਪੱਸ਼ੀਆ,ਗੋਪੀ ਨਵਾਂਸ਼ਹਿਰੀਆ ,ਜੀਵਨ ਫ਼ੌਜੀ ਲੈਂਦੇ ਹਾਂ ਇਹ ਜੌ ਪਿਛਲੇ ਦਿਨਾਂ ਦੌਰਾਨ ਕਾਰਵਾਈਆ ਹੋਈਆਂ ਉਨ੍ਹਾਂ ਦੀ ਹੀ ਕੜੀ ਹੈ,ਇਹ ਕਾਰਵਾਈਆਂ ਏਸੇ ਤਰਾਂ ਹੀ ਜਾਰੀ ਰਹਿਣਗੀਆਂ ਸਗੋ ਇਸ ਤੋਂ ਵੀ ਵੱਡੀਆਂ ਕਾਰਵਾਈਆਂ ਕਰਕੇ ਪੰਜਾਬ ਪੁਲਿਸ ਨੂੰ ਤੇ ਮੌਜੂਦਾ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ, ਜੋ ਸਿੱਖਾਂ ਦੇ ਦੁਸ਼ਮਣ ਬਣ ਕੇ ਪੰਜਾਬ ਵਿੱਚ ਗੁੰਡਾ ਰਾਜ ਚਲਾ ਰਹੇ ਹਨ, ਅਖ਼ੀਰ ਵਿੱਚ ਲਿਖਿਆ, ਜੰਗ ਜਾਰੀ ਹੈ।
'ਡੀਜੀਪੀ ਪੰਜਾਬ ਦਾ ਝੂਠ ਫੜ੍ਹਿਆ ਗਿਆ'
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਇਸ ਦੇ ਮਜਮੂਨ ਵਿੱਚ ਮਜੀਠੀਆ ਨੇ ਲਿਖਿਆ, ਮਜੀਠੇ ਥਾਣੇ ਚ ਬੰਬ ਬਲਾਸਟ ਲਈ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਜਿੰਮੇਵਾਰੀ ਚੱਕੀ ਖੂੰਖਾਰ ਗੈਂਗਸਟਰਾਂ ਦਾ ਜ਼ਿਕਰ, ਹੋਰ ਵਾਰਦਾਤਾਂ ਕਰਨ ਦੀ ਦਿੱਤੀ ਧਮਕੀ। ਮਜੀਠੀਆ ਨੇ ਕਿਹਾ ਕਿ ਡੀਜੀਪੀ ਪੰਜਾਬ ਦਾ ਝੂਠ ਫੜ੍ਹਿਆ ਗਿਆ ਪਹਿਲਾਂ ਕਹਿੰਦੇ ਸੀ ਸਿਲੰਡਰ ਫਟਿਆ ਫਿਰ ਕਹਿੰਦੇ ਟਾਇਰ ਫੱਟਿਆ, ਭਾਰਤ ਪਾਕਿਸਤਾਨ ਸਰਹੱਦ ਦੇ ਹਲਾਤ ਠੀਕ ਨਹੀਂ ਹਨ। ਭਗਵੰਤ ਮਾਨ ਅੱਜ ਤੱਕ ਦਾ ਸਭ ਤੋਂ ਨਿਕੰਮਾ ਮੁੱਖ ਮੰਤਰੀ ਸਾਬਤ ਹੋਇਆ ਹੈ।