ਡੋਨਾਲਡ ਟਰੰਪ ਨੇ ਜਾਰਜੀਆ ਦੇ ਸਾਬਕਾ ਸੈਨੇਟਰ ਡੇਵਿਡ ਪਰਡਿਊ ਨੂੰ ਚੀਨ ਦੇ ਰਾਜਦੂਤ ਵਜੋਂ ਕੀਤਾ ਨਾਮਜ਼ਦ

ਡੋਨਾਲਡ ਟਰੰਪ ਨੇ ਜਾਰਜੀਆ ਦੇ ਸਾਬਕਾ ਸੈਨੇਟਰ ਡੇਵਿਡ ਪਰਡਿਊ ਨੂੰ ਚੀਨ ਦੇ ਰਾਜਦੂਤ ਵਜੋਂ ਕੀਤਾ ਨਾਮਜ਼ਦ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਜਾਰਜੀਆ ਦੇ ਸਾਬਕਾ ਸੈਨੇਟਰ ਡੇਵਿਡ ਪਰਡਿਊ ਨੂੰ ਚੀਨ 'ਚ ਅਗਲੇ ਰਾਜਦੂਤ ਵਜੋਂ ਨਾਮਜ਼ਦ ਕੀਤਾ ਹੈ। ਵਪਾਰਕ ਖੇਤਰ ਤੋਂ ਰਾਜਨੀਤੀ ਵਿੱਚ ਆਏ ਪਰਡਿਊ ਨੂੰ ਅਮਰੀਕਾ ਦੇ ਸਭ ਤੋਂ ਸ਼ਕਤੀਸ਼ਾਲੀ ਆਰਥਿਕ ਅਤੇ ਫੌਜੀ ਵਿਰੋਧੀ ਚੀਨ ਵਿੱਚ ਟਰੰਪ ਪ੍ਰਸ਼ਾਸਨ ਦਾ ਰਾਜਦੂਤ ਬਣਾਇਆ ਜਾਵੇਗਾ। ਟਰੰਪ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਪਰਡਿਊ "ਚੀਨ ਨਾਲ ਸਾਡੇ ਸਬੰਧਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਕੀਮਤੀ ਮੁਹਾਰਤ ਰੱਖਦੇ ਹੈ।" ਪਰਡਿਊ 4 ਸਾਲ ਪਹਿਲਾਂ ਡੈਮੋਕਰੇਟਿਕ ਪਾਰਟੀ ਦੇ ਜੋਨ ਓਸੌਫ ਤੋਂ ਆਪਣੀ ਸੈਨੇਟ ਸੀਟ ਹਾਰ ਗਏ ਸਨ ਅਤੇ ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ ਦੇ ਖਿਲਾਫ 2022 ਪ੍ਰਾਇਮਰੀ ਵਿੱਚ ਅਸਫਲ ਰਹੇ ਸਨ। ਜਾਰਜੀਆ ਦੇ ਗਵਰਨਰ ਦੇ ਮੁਕਾਬਲੇ ਦੌਰਾਨ  ਪਰਡਿਊ ਨੇ ਚੋਣ ਧੋਖਾਧੜੀ ਬਾਰੇ ਟਰੰਪ ਦੇ ਝੂਠ ਨੂੰ ਉਜਾਗਰ ਕੀਤਾ ਸੀ। ਹਾਲਾਂਕਿ, ਪਰਡਿਊ ਗਵਰਨਰ ਦੀ ਚੋਣ ਵਿੱਚ ਸਫਲ ਨਹੀਂ ਹੋਏ ਸਨ। ਸੈਨੇਟ ਵਿੱਚ ਆਪਣੇ ਕਾਰਜਕਾਲ ਦੌਰਾਨ, 2019 ਵਿਚ ਚੀਨੀ ਥਿੰਕ ਦੀ ਰਿਪੋਰਟ ਵਿਚ ਪਰਡਿਊ ਨੂੰ "ਚੀਨ ਵਿਰੋਧੀ" ਕਰਾਰ ਦਿੱਤਾ ਗਿਆ ਸੀ। ਜਾਰਜੀਆ ਦੇ ਸਾਬਕਾ ਸੰਸਦ ਮੈਂਬਰ ਪਰਡਿਊ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਚੀਨ ਸਮੇਤ ਹੋਰ ਖ਼ਤਰਿਆਂ ਨਾਲ ਨਜਿੱਠਣ ਲਈ ਹੋਰ ਮਜ਼ਬੂਤ ​​ਜਲ ਸੈਨਾ ਬਣਾਉਣ ਦੀ ਲੋੜ ਹੈ। ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਪਰਡਿਊ ਨੇ ਸਾਰਾ ਲੀ, ਰੀਬੋਕ ਅਤੇ ਡਾਲਰ ਜਨਰਲ ਸਮੇਤ ਕਈ ਕੰਪਨੀਆਂ ਵਿੱਚ ਉੱਚ ਅਹੁਦਿਆਂ 'ਤੇ ਕੰਮ ਕੀਤਾ। ਅਮਰੀਕਾ ਅਤੇ ਚੀਨ ਵਿਚਾਲੇ ਵੱਖ-ਵੱਖ ਖੇਤਰਾਂ 'ਚ ਲੰਬੇ ਸਮੇਂ ਤੋਂ ਟਕਰਾਅ ਚੱਲ ਰਿਹਾ ਹੈ। ਅਜਿਹੇ 'ਚ ਪਰਡਿਊ ਨੂੰ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਆਮ ਬਣਾਉਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।