MAHAPUNJAB : {ਵਾਸ਼ਿੰਗਟਨ, 7 ਫਰਵਰੀ} ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕੌਮਾਂਤਰੀ ਅਪਰਾਧਕ ਅਦਾਲਤ (ਆਈਸੀਸੀ) ਨੂੰ ਇਜ਼ਰਾਈਲ ਖ਼ਿਲਾਫ਼ ਜਾਂਚ ਕਰਨ ਤੋਂ ਰੋਕਣ ਵਾਲੇ ਹੁਕਮਾਂ ’ਤੇ ਦਸਤਖ਼ਤ ਕੀਤੇ ਹਨ। ਅਮਰੀਕਾ ਅਤੇ ਇਜ਼ਰਾਈਲ ਆਈਸੀਸੀ ਨੂੰ ਮਾਨਤਾ ਨਹੀਂ ਦਿੰਦੇ। ਅਕਤੂਬਰ 2023 ਵਿੱਚ ਇਜ਼ਰਾਈਲ ਖ਼ਿਲਾਫ਼ ਹਮਾਸ ਦੇ ਹਮਲੇ ਤੋਂ ਬਾਅਦ ਗਾਜ਼ਾ ਵਿੱਚ ਜਵਾਬੀ ਫ਼ੌਜੀ ਕਾਰਵਾਈ ਨੂੰ ਲੈ ਕੇ ਕਥਿਤ ਅਪਰਾਧਾਂ ਲਈ ਆਈਸੀਸੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਇਜ਼ਰਾਇਲੀ ਫ਼ੌਜ ਦੀ ਜਵਾਬੀ ਕਾਰਵਾਈ ਵਿੱਚ ਬੱਚਿਆਂ ਸਣੇ ਹਜ਼ਾਰਾਂ ਫਲਸਤੀਨੀਆਂ ਦੀ ਮੌਤ ਹੋ ਗਈ ਸੀ। ਟਰੰਪ ਵੱਲੋਂ ਦਸਤਖ਼ਤ ਕੀਤੇ ਗਏ ਹੁਕਮਾਂ ਵਿੱਚ ਆਈਸੀਸੀ ’ਤੇ ‘ਅਮਰੀਕਾ ਅਤੇ ਉਸ ਦੇ ਕਰੀਬੀ ਸਹਿਯੋਗੀ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਗੈਰ-ਕਾਨੂੰਨੀ ਅਤੇ ਬੇਬੁਨਿਆਦ ਕਾਰਵਾਈ ਕਰਨ’ ਤੇ ਨੇਤਨਯਾਹੂ ਅਤੇ ਉਨ੍ਹਾਂ ਦੇ ਸਾਬਕਾ ਰੱਖਿਆ ਮੰਤਰੀ ਯੋਆਵ ਗੈਲੈਂਟ ਖ਼ਿਲਾਫ਼ ‘ਬੇਬੁਨਿਆਦ ਗ੍ਰਿਫਤਾਰੀ ਵਾਰੰਟ’ ਜਾਰੀ ਕਰਕੇ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਗਿਆ ਹੈ। ਹੁਕਮਾਂ ਅਨੁਸਾਰ ਅਮਰੀਕਾ ਅਤੇ ਇਜ਼ਰਾਈਲ ਆਈਸੀਸੀ ਦੇ ਅਧਿਕਾਰ ਖੇਤਰ ਤੋਂ ਬਾਹਰ ਹਨ ਤੇ ਆਈਸੀਸੀ ਨੇ ਦੋਵਾਂ ਦੇਸ਼ਾਂ ਖ਼ਿਲਾਫ਼ ਕਾਰਵਾਈ ਕਰਨ ਦਾ ਖ਼ਤਰਨਾਕ ਕਦਮ ਚੁੱਕਿਆ ਹੈ। ਹੁਕਮ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਆਈਸੀਸੀ ’ਤੇ ‘ਸਖ਼ਤ ਪਾਬੰਦੀਆਂ’ ਲਾਏਗਾ। ਟਰੰਪ ਵੱਲੋਂ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਨੇਤਨਯਾਹੂ ਵਾਸ਼ਿੰਗਟਨ ਦੌਰੇ ’ਤੇ ਹਨ।
ਕੌਮਾਂਤਰੀ ਅਪਰਾਧਕ ਅਦਾਲਤ ਵੱਲੋਂ ਮੈਂਬਰ ਦੇਸ਼ਾਂ ਨੂੰ ਪਾਬੰਦੀ ਖ਼ਿਲਾਫ਼ ਖੜ੍ਹੇ ਹੋਣ ਦਾ ਸੱਦਾ
ਹੇਗ: ਕੌਮਾਂਤਰੀ ਅਪਰਾਧਕ ਅਦਾਲਤ ਨੇ ਅੱਜ ਆਪਣੇ ਮੈਂਬਰ ਦੇਸ਼ਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਖ਼ਿਲਾਫ਼ ਖੜ੍ਹੇ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਕਦਮ ਇਸ ਦੇ ਨਿਰਪੱਖ ਨਿਆਂਇਕ ਕਾਰਜਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਹੇਗ ਸਥਿਤ ਅਦਾਲਤ ਨੇ ਕਿਹਾ ਕਿ ਉਹ ਇਸ ਕਦਮ ਦੀ ਨਿਖੇਧੀ ਕਰਦੀ ਹੈ। ਅਦਾਲਤ ਨੇ ਇੱਕ ਬਿਆਨ ਵਿੱਚ ਕਿਹਾ, ‘ਅਦਾਲਤ ਆਪਣੇ ਕਰਮਚਾਰੀਆਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਦੁਨੀਆ ਭਰ ਵਿੱਚ ਲੱਖਾਂ ਨਿਰਦੋਸ਼ ਪੀੜਤਾਂ ਨੂੰ ਇਨਸਾਫ ਦਿਵਾਉਣਾ ਜਾਰੀ ਰੱਖਣ ਦਾ ਅਹਿਦ ਲੈਂਦੀ ਹੈ।’