Shiromani Akali Dal: ਸੁਖਬੀਰ ਬਾਦਲ ਦੇ ਪ੍ਰਧਾਨ ਬਣਨ ਮਗਰੋਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਟਲਿਆ ਨਹੀਂ। ਉਲਟਾ, ਅਕਾਲੀ ਲੀਡਰਾਂ ਵਿਚਾਲੇ ਪਾੜਾ ਹੋਰ ਡੂੰਘਾ ਹੋ ਗਿਆ ਹੈ। ਇਸ ਦੇ ਨਾਲ ਹੀ ਬਾਗੀ ਧੜੇ ਨੇ ਆਪਣੀ ਅਗਲੀ ਪਲਾਨਿੰਗ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਤੈਅ ਹੈ ਕਿ ਬਾਦਲ ਧੜੇ ਦੇ ਖਿਲਾਫ ਨਵਾਂ ਪੰਥਕ ਧੜਾ ਖੜ੍ਹਾ ਹੋਣ ਜਾ ਰਿਹਾ ਹੈ। ਬੇਸ਼ੱਕ ਇਸ ਵੇਲੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਕਮਾਨ ਬਾਦਲ ਧੜੇ ਹੱਥ ਹੈ ਪਰ ਅਹਿਮ ਗੱਲ਼ ਇਹ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਬਣੀ ਪੰਜ ਮੈਂਬਰੀ ਭਰਤੀ ਕਮੇਟੀ ਨੇ ਵੀ 15 ਲੱਖ ਤੋਂ ਵੱਧ ਮੈਂਬਰਸ਼ਿਪ ਪੂਰੀ ਕਰ ਲਈ ਹੈ ਤੇ ਅਗਲੇ ਦਿਨਾਂ ਅੰਦਰ ਸੱਤ ਲੱਖ ਹੋਰ ਭਰਤੀ ਹੋਣ ਦਾ ਦਾਅਵਾ ਕੀਤਾ ਹੈ।
ਇਸ ਤੋਂ ਪਹਿਲਾਂ ਬਾਦਲ ਧੜੇ ਨੇ ਲਗਪਗ 27 ਲੱਖ 68 ਹਜ਼ਾਰ ਮੈਂਬਰਾਂ ਦੀ ਭਰਤੀ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਤੈਅ ਹੈ ਕਿ ਬਾਗੀ ਧੜੇ ਨੂੰ ਵੀ ਵੱਡੀ ਹਮਾਇਤ ਮਿਲ ਰਹੀ ਹੈ। ਅਜਿਹੇ ਵਿੱਚ ਬੇਸ਼ੱਕ ਸੁਖਬੀਰ ਬਾਦਲ ਅਕਾਲੀ ਦਲ ਦੀ ਕਮਾਨ ਸੰਭਾਲਣ ਵਿੱਚ ਸਭਲ ਹੋ ਗਏ ਹਨ ਪਰ ਪੰਥਕ ਵੋਟ ਨੂੰ ਮੁੜ ਖਿੱਚਣਾ ਬੇਹੱਦ ਔਖਾ ਹੋਏਗਾ। ਉਧਰ, ਬਾਗੀ ਧੜੇ ਨੇ ਸਪਸ਼ਟ ਸੰਕੇਤ ਦੇ ਦਿੱਤੇ ਹਨ ਕਿ ਉਹ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਨਹੀਂ ਕਬੂਲਣਗੇ ਤੇ ਪੰਥਕ ਧਿਰਾਂ ਨੂੰ ਇੱਕਜੁਟ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਠੇ ਹੋਣਗੇ। ਦਰਅਸਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਦੀ ਪ੍ਰਧਾਨ ਵਜੋਂ ਮੁੜ ਚੋਣ ਕਰਨ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਉਨ੍ਹਾਂ ਨੂੰ ਸਿਰੋਪਾ ਦਿੱਤੇ ਜਾਣ ਤੋਂ ਬਾਅਦ ਸਵਾਲ ਖੜ੍ਹੇ ਹੋ ਰਹੇ ਹਨ ਕਿ ਦੋ ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਕਮੇਟੀ ਦਾ ਭਵਿੱਖ ਕੀ ਹੋਏਗਾ। ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਿਆਂ ਭਰਤੀ ਕਮੇਟੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਾਰੀ ਰਹੇਗੀ। ਭਰਤੀ ਕਮੇਟੀ ਨੇ ਸੰਭਾਵਨਾ ਪ੍ਰਗਟਾਈ ਕਿ ਇਹ ਮੁਹਿੰਮ ਜੂਨ ਮਹੀਨੇ ਤੱਕ ਮੁਕੰਮਲ ਹੋ ਜਾਵੇਗੀ ਤੇ ਇਸ ਤੋਂ ਬਾਅਦ ਇਸ ਮਾਮਲੇ ਵਿੱਚ ਅਕਾਲ ਤਖ਼ਤ ਤੋਂ ਅਗਲੇ ਹੁਕਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਕੁਝ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਕਰਨ ਲਈ ਪੰਥ ਪ੍ਰਵਾਨਿਤ ਅਜਿਹੀ ਵੱਡੀ ਜਥੇਬੰਦੀ ਦੀ ਲੋੜ ਹੈ, ਜਿਸ ਮੰਚ ’ਤੇ ਸਮੁੱਚਾ ਸਿੱਖ ਜਗਤ ਇਕੱਠਾ ਹੋਵੇ।
ਇਸ ਦੇ ਨਾਲ ਹੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਵਾਰ ਵਾਰ ਭਰਤੀ ਕਮੇਟੀ ਨੂੰ ਨਿਗਰਾਨ ਕਮੇਟੀ ਦੱਸ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ, ਜਦਕਿ ਦੋ ਦਸੰਬਰ ਨੂੰ ਜਾਰੀ ਹੁਕਮਨਾਮੇ ਵਿੱਚ ਕਿਤੇ ਵੀ ਨਿਗਰਾਨ ਸ਼ਬਦ ਤੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਤੋਂ ਦੋ ਦਸੰਬਰ ਨੂੰ ਜਾਰੀ ਕੀਤੇ ਗਏ ਆਦੇਸ਼ ਦੀ ਪਾਲਣਾ ਕਰਦਿਆਂ ਭਰਤੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਪੂਰਾ ਕਰੇਗੀ। ਇਸ ਤਹਿਤ ਪੰਥ ਪ੍ਰਵਾਨਤ ਲੀਡਰਸ਼ਿਪ ਤਿਆਰ ਕਰਨ ਵਾਸਤੇ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ। ਇਹ ਸਾਰੀ ਪ੍ਰਕਿਰਿਆ ਅਕਾਲ ਤਖ਼ਤ ਨੂੰ ਸਮਰਪਿਤ ਹੋਵੇਗੀ।