ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਮਿਤ ਸ਼ਾਹ ਦਾ ਵੱਡਾ ਦਾਅਵਾ, ਖਾਲਿਸਤਾਨੀਆਂ ਨੂੰ ਚੈਲੰਜ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਮਿਤ ਸ਼ਾਹ ਦਾ ਵੱਡਾ ਦਾਅਵਾ, ਖਾਲਿਸਤਾਨੀਆਂ ਨੂੰ ਚੈਲੰਜ

Punjab Assembly Elections 2027: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2027 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਿਹਾ ਜਾਂਦਾ ਹੈ ਕਿ ਬ੍ਰਹਿਮੰਡ ਦੀ ਰਚਨਾ ਭਗਵਾਨ ਬ੍ਰਹਮਾ ਨੇ ਕੀਤੀ ਸੀ, ਪਰ ਪੰਜਾਬ ਵਿੱਚ ਚੋਣਾਂ ਦੀ ਭਵਿੱਖਬਾਣੀ ਭਗਵਾਨ ਬ੍ਰਹਮਾ ਵੀ ਨਹੀਂ ਕਰ ਪਾਉਣਗੇ।  ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਚੋਣਾਂ ਆਉਣ 'ਤੇ ਪੰਜਾਬ ਦੇ ਲੋਕ ਇੱਕ ਚੰਗਾ ਫੈਸਲਾ ਲੈਣਗੇ ਤੇ ਬਹੁਮਤ ਵਾਲੀ ਸਰਕਾਰ ਬਣੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਪੰਜਾਬ ਦੇ ਮੌਜੂਦਾ ਹਾਲਾਤ ਵਿਚਾਲੇ ਅਮਿਤ ਸ਼ਾਹ ਦਾ ਇਹ ਬਿਆਨ ਵੱਡੇ ਅਰਥ ਰੱਖਦਾ ਹੈ। ਬੀਜੇਪੀ ਇਸ ਵੇਲੇ ਪੰਜਾਬ ਨੂੰ ਫਤਹਿ ਕਰਨ ਲਈ ਵੱਡੀ ਰਣਨੀਤੀ ਘੜ ਰਹੀ ਹੈ।  

ਦਰਅਸਲ ਅਮਿਤ ਸ਼ਾਹ ਨੇ ਇਹ ਬਿਆਨ ਇੱਕ ਪ੍ਰਾਈਵੇਟ ਮੀਡੀਆ ਨੈੱਟਵਰਕ ਨੂੰ ਦਿੱਤੇ ਇੰਟਰਵਿਊ ਵਿੱਚ ਦਿੱਤਾ। ਇੰਟਰਵਿਊ ਦੌਰਾਨ ਅਮਿਤ ਸ਼ਾਹ ਤੋਂ ਸਵਾਲ ਕੀਤਾ ਗਿਆ ਕਿ ਪੰਜਾਬ ਵਿੱਚ ਅਗਲੀਆਂ ਚੋਣਾਂ ਵਿੱਚ ਭਾਜਪਾ ਦੀ ਕੀ ਭੂਮਿਕਾ ਹੋਵੇਗੀ। ਕੀ ਭਾਜਪਾ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜੇਗੀ। ਅਮਿਤ ਸ਼ਾਹ ਨੇ ਹੱਸਦੇ ਹੋਏ ਜਵਾਬ ਦਿੱਤਾ, "ਬ੍ਰਹਮਾ ਜੀ ਨੇ ਬ੍ਰਹਿਮੰਡ ਦੀ ਸਿਰਜਣਾ ਕੀਤੀ, ਪਰ ਬ੍ਰਹਮਾ ਜੀ ਵੀ ਪੰਜਾਬ ਵਿੱਚ ਅਗਲੀਆਂ ਚੋਣਾਂ ਦੀ ਭਵਿੱਖਬਾਣੀ ਨਹੀਂ ਕਰ ਸਕਣਗੇ। ਲੋਕ ਇੱਕ ਚੰਗਾ ਫੈਸਲਾ ਲੈਣਗੇ ਤੇ ਬਹੁਮਤ ਵਾਲੀ ਸਰਕਾਰ ਬਣੇਗੀ।" ਹਾਲਾਂਕਿ, ਉਨ੍ਹਾਂ ਨੇ ਅਕਾਲੀ ਦਲ ਬਾਰੇ ਕੋਈ ਗੱਲ ਨਹੀਂ ਕੀਤੀ। ਇੰਟਰਵਿਊ ਵਿੱਚ ਜਦੋਂ ਅਮਿਤ ਸ਼ਾਹ ਤੋਂ ਪੁੱਛਿਆ ਗਿਆ ਕਿ ਭਾਰਤ ਵਿੱਚ ਖਾਲਿਸਤਾਨੀ ਗਤੀਵਿਧੀਆਂ ਵੱਧ ਰਹੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣਾ ਪੰਜਾਬ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਹਾਲਾਂਕਿ, ਇਹ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਨਾਮ 'ਤੇ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈ, ਤਾਂ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, "ਅਸੀਂ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਪੇਸ਼ ਆਵਾਂਗੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।" 

ਦੱਸ ਦਈਏ ਕਿ 2024 ਦੀਆਂ ਲੋਕ ਸਭਾ ਚੋਣਾਂ ਬਾਰੇ ਗੱਲ ਕਰੀਏ ਤਾਂ ਸ਼ੁਰੂ ਵਿੱਚ ਇਹ ਚਰਚਾ ਸੀ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਇਕੱਠੇ ਚੋਣਾਂ ਲੜ ਸਕਦੇ ਹਨ ਪਰ ਆਖਰੀ ਸਮੇਂ 'ਤੇ ਦੋਵਾਂ ਨੇ ਵੱਖਰੇ ਤੌਰ 'ਤੇ ਚੋਣ ਲੜਨ ਦਾ ਫੈਸਲਾ ਕੀਤਾ। ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਦੀ ਸਿਰਫ਼ ਇੱਕ ਸੀਟ ਜਿੱਤਣ ਵਿੱਚ ਕਾਮਯਾਬ ਰਿਹਾ, ਜੋ ਕਿ ਹਰਸਿਮਰਤ ਕੌਰ ਬਾਦਲ ਨੇ ਜਿੱਤੀ ਸੀ। ਇਸ ਦੇ ਨਾਲ ਹੀ ਭਾਜਪਾ ਇੱਕ ਵੀ ਸੀਟ ਨਹੀਂ ਜਿੱਤ ਸਕੀ। ਹਾਲਾਂਕਿ ਵੋਟ ਪ੍ਰਤੀਸ਼ਤਤਾ ਦੇ ਮਾਮਲੇ ਵਿੱਚ ਭਾਜਪਾ ਰਾਜ ਵਿੱਚ ਤੀਜੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਭਾਜਪਾ ਨੂੰ ਕੁੱਲ 18% ਵੋਟਾਂ ਮਿਲੀਆਂ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਸੱਤ ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਵਿੱਚ ਕਾਮਯਾਬ ਰਹੀ। ਆਮ ਆਦਮੀ ਪਾਰਟੀ (ਆਪ) ਨੇ ਤਿੰਨ ਸੀਟਾਂ ਜਿੱਤੀਆਂ, ਜਦੋਂਕਿ ਆਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ ਜਿੱਤੀਆਂ। ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਇੱਕ ਸੀਟ ਨਾਲ ਸੰਤੁਸ਼ਟ ਹੋਣਾ ਪਿਆ। ਹੁਣ 2027 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਉਂਦਾ ਜਾ ਰਿਹਾ ਹੈ।