ਅੰਮ੍ਰਿਤਸਰ (ਮਹਾਪੰਜਾਬ ਬਿਊਰੋ)
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿੱਚ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਅੱਜ ਇੱਥੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਮਜੀਠੀਆ ਨੇ ਸੰਜੇ 'ਤੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਰੈਲੀਆਂ ਦੌਰਾਨ ਉਨ੍ਹਾਂ ਖਿਲਾਫ ਅਪਮਾਨਜਨਕ ਬਿਆਨ ਦੇਣ ਦਾ ਦੋਸ਼ ਲਗਾਇਆ ਸੀ। ਮਾਮਲੇ ਦੀ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ।ਸ਼ਨੀਵਾਰ ਨੂੰ ਸੰਜੇ ਦੀ ਪਤਨੀ ਅਨੀਤਾ ਸਿੰਘ ਨੂੰ ਕਰੀਬ ਦੋ ਮਿੰਟ ਲਈ ਆਪਣੇ ਪਤੀ ਨੂੰ ਮਿਲਣ ਦਿੱਤਾ ਗਿਆ।
ਇਸ ਤੋਂ ਪਹਿਲਾਂ ਸਖ਼ਤ ਸੁਰੱਖਿਆ ਹੇਠ ਈਡੀ ਦੇ ਅਧਿਕਾਰੀ ਉਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਇੱਥੋਂ ਦੀ ਸੀਜੇਐਮ ਅਦਾਲਤ ਵਿੱਚ ਲੈ ਕੇ ਆਏ ਜਿੱਥੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਪੁੱਜੇ।
ਸੰਜੇ ਨੇ ਕਿਹਾ ਕਿ ਉਹ "ਤਾਨਾਸ਼ਾਹੀ" ਵਿਰੁੱਧ ਲੜਨਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਸੱਚਾਈ ਲਈ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਅਦਾਲਤੀ ਕੰਪਲੈਕਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਸੰਜੇ ਹੀ ਉਨ੍ਹਾਂ ਨੂੰ ਜੇਲ੍ਹ 'ਚ ਦੇਖਣਾ ਚਾਹੁੰਦੇ ਸਨ ਪਰ ਹੁਣ 'ਆਪ' ਆਗੂ ਖੁਦ ਹੀ ਸਲਾਖਾਂ ਪਿੱਛੇ ਹੈ। ਮਜੀਠੀਆ ਨੇ 'ਆਪ' ਨੇਤਾਵਾਂ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਆਸ਼ੀਸ਼ ਖੇਤਾਨ ਖਿਲਾਫ ਮਈ 2016 'ਚ ਮਾਮਲਾ ਦਰਜ ਕਰਵਾਇਆ ਸੀ। ਜਦੋਂ ਕਿ ਕੇਜਰੀਵਾਲ ਨੇ ਮਾਰਚ 2018 ਵਿੱਚ ਮਜੀਠੀਆ ਤੋਂ ਆਪਣੇ ਬਿਆਨਾਂ ਲਈ ਮੁਆਫੀ ਮੰਗੀ ਸੀ, ਸੰਜੇ ਨੇ ਅਜਿਹਾ ਨਹੀਂ ਕੀਤਾ ਅਤੇ ਅਦਾਲਤ ਵਿੱਚ ਦੋਸ਼ਾਂ ਦਾ ਸਾਹਮਣਾ ਕਰਨ ਦਾ ਫੈਸਲਾ ਕੀਤਾ।