PM ਮੋਦੀ ਨੇ ਪ੍ਰਚਾਰ ਦੌਰਾਨ ਪਹਿਲੀ ਵਾਰ ਲਿਆ 'ਅੰਬਾਨੀ-ਅਡਾਨੀ' ਦਾ ਨਾਂ, ਕਾਂਗਰਸ 'ਤੇ ਵੀ ਵਿਨ੍ਹਿਆ ਨਿਸ਼ਾਨਾ

PM ਮੋਦੀ ਨੇ ਪ੍ਰਚਾਰ ਦੌਰਾਨ ਪਹਿਲੀ ਵਾਰ ਲਿਆ 'ਅੰਬਾਨੀ-ਅਡਾਨੀ' ਦਾ ਨਾਂ, ਕਾਂਗਰਸ 'ਤੇ ਵੀ ਵਿਨ੍ਹਿਆ ਨਿਸ਼ਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਡਾਨੀ ਅਤੇ ਅੰਬਾਨੀ ਨੂੰ ਲੈ ਕੇ ਰਾਹੁਲ ਗਾਂਧੀ ’ਤੇ ਕੀਤੇ ਗਏ ਹਮਲੇ ਤੋਂ ਦੇਸ਼ ਦਾ ਕਾਰਪੋਰੇਟ ਸੈਕਟਰ ਹੈਰਾਨ ਹੈ। ਇਕ ਵੱਡੀ ਕਾਰਪੋਰੇਟ ਕੰਪਨੀ ਦੇ ਸੀ.ਈ.ਓ. ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਦੇਸ਼ ਦੇ ਦੋ ਵੱਡੇ ਉਦਯੋਗਪਤੀਆਂ ਬਾਰੇ ਪ੍ਰਧਾਨ ਮੰਤਰੀ ਦਾ ਬਿਆਨ ਹੈਰਾਨੀਜਨਕ ਹੈ। ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਵਿਚ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਕਾਂਗਰਸ ਦੇ ਸ਼ਹਿਜਾਦੇ ਇਹ ਐਲਾਨ ਕਰਨ ਕਿ ਉਨ੍ਹਾਂ ਨੇ ਚੋਣਾਂ ਵਿਚ ਅਡਾਨੀ ਅਤੇ ਅੰਬਾਨੀ ਤੋਂ ਕਿੰਨਾ ਮਾਲ ਲਿਆ ਹੈ। ਕਾਲੇ ਧਨ ਦੀਆਂ ਬੋਰੀਆਂ ਵਿਚ ਕਿੰਨੇ ਰੁਪਏ ਮਾਰੇ ਹਨ ਚੋਣ ਪ੍ਰਚਾਰ ਦੌਰਾਨ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਕ ਤੌਰ ’ਤੇ ਅਡਾਨੀ ਅਤੇ ਅੰਬਾਨੀ ਦਾ ਨਾਂ ਲਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹਾਂ ਦੋ ਉਦਯੋਗਪਤੀਆਂ ਦਾ ਨਾਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦੇ ਰਹੇ ਹਨ ਅਤੇ ਰਾਹੁਲ ਕੇਂਦਰ ਸਰਕਾਰ ’ਤੇ ਸੂਟ-ਬੂਟ ਦੀ ਸਰਕਾਰ ਹੋਣ ਦੇ ਦੋਸ਼ ਲਗਾਉਂਦੇ ਰਹੇ ਹਨ। ਇਸ ਦੌਰਾਨ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਵੱਡੇ ਉਦਯੋਗਪਤੀਆਂ ਦੇ ਮੁੱਦੇ ’ਤੇ ਵਿਰੋਧੀ ਪਾਰਟੀਆਂ ਵੱਲੋਂ ਧਾਰੀ ਚੁੱਪ ਦੇ ਮਾਮਲੇ ਨੂੰ ਉਠਾ ਰਹੇ ਹਨ। ਅਲਫਨੀਟੀ ਫਿਨਟੇਕ ਦੇ ਸਹਿ-ਸੰਸਥਾਪਕ ਯੂ.ਆਰ. ਭੱਟ ਨੇ ਕਿਹਾ ਕਿ ਜੇਕਰ ਤੁਸੀਂ ਦੇਸ਼ ਵਿਚ ਇਕ ਵੱਡੀ ਸਿਆਸੀ ਤਾਕਤ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉਦਯੋਗ ਅਤੇ ਕਾਰੋਬਾਰ ਦੇ ਅਨੁਕੂਲ ਹੋਣਾ ਹੋਵੇਗਾ। ਕਿਉਂਕਿ ਦੇਸ਼ ਵਿਚ ਨੌਕਰੀਆਂ ਪੈਦਾ ਕਰਨ ਦਾ ਕੰਮ ਸਿਰਫ਼ ਕਾਰਪੋਰੇਟ ਸੈਕਟਰ ਹੀ ਕਰਦਾ ਹੈ। ਅਜਿਹੇ ’ਚ ਸਰਕਾਰ ਅਤੇ ਕਾਰਪੋਰੇਟ ਸੈਕਟਰ ਵਿਚਾਲੇ ਹਮੇਸ਼ਾ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਇਨ੍ਹਾਂ ਸਬੰਧਾਂ ਨੂੰ ਕਦੇ ਵੀ ਬਚਿਆ ਨਹੀਂ ਜਾ ਸਕਦਾ। ਕੋਈ ਵੀ ਛੋਟੀ ਜਾਂ ਵੱਡੀ ਸਿਆਸੀ ਪਾਰਟੀ ਕਾਰਪੋਰੇਟ ਸੈਕਟਰ ਨਾਲ ਆਪਣੇ ਸਬੰਧਾਂ ਦਾ ਹਵਾਲਾ ਦੇ ਕੇ ਸਰਕਾਰ ’ਤੇ ਸਿਆਸੀ ਹਮਲਾ ਕਰ ਸਕਦੀ ਹੈ, ਪਰ ਜਦੋਂ ਜਨਤਾ ਦੀ ਭਲਾਈ ਦੀ ਗੱਲ ਆਉਂਦੀ ਹੈ ਤਾਂ ਉਸ ਨੂੰ ਕਾਰਪੋਰੇਟ ਸੈਕਟਰ ਦੀ ਮਦਦ ਲੈਣੀ ਪੈਂਦੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਨੂੰ ਹੁਣ ਇਹ ਗੱਲ ਸਮਝ ਆ ਗਈ ਹੈ।