ਭਾਰਤ ਦੇ ਐਕਸ਼ਨ 'ਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਦੀ ਖੁੱਲ੍ਹੀ ਧਮਕੀ- 'ਜੇ ਹਮਲਾ ਕੀਤਾ ਤਾਂ...'

ਭਾਰਤ ਦੇ ਐਕਸ਼ਨ 'ਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਦੀ ਖੁੱਲ੍ਹੀ ਧਮਕੀ- 'ਜੇ ਹਮਲਾ ਕੀਤਾ ਤਾਂ...'

Pakistan Defence Minister Khawaja Asif: ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਯਾਨੀਕਿ 22 ਅਪ੍ਰੈਲ 2025 ਨੂੰ ਅੱਤਵਾਦੀਆਂ ਨੇ 26 ਬੇਗੁਨਾਹ ਲੋਕਾਂ ਦੀ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਖਿਲਾਫ ਕਈ ਵੱਡੇ ਫੈਸਲੇ ਲਏ ਹਨ। ਭਾਰਤ ਦੇ ਕਦਮਾਂ ਕਾਰਨ ਗੁਆਂਢੀ ਦੇਸ਼ ਵਿੱਚ ਹਲਚਲ ਮਚ ਗਈ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸੀਫ਼ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਪਹਿਲਗਾਮ ਹਮਲੇ ਦੇ ਪਿੱਛੇ ਪਾਕਿਸਤਾਨ ਦਾ ਕੋਈ ਹੱਥ ਨਹੀਂ ਹੈ ਅਤੇ ਉਹ ਇਸ ਹਮਲੇ ਦੀ ਨਿੰਦਿਆ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨੀ ਨਿਊਜ਼ ਚੈਨਲ HUM ਨੂੰ ਇਕ ਇੰਟਰਵਿਊ ਵੀ ਦਿੱਤਾ, ਜਿਸ ਵਿੱਚ ਉਹ ਭਾਰਤ ਦੇ ਖ਼ਿਲਾਫ਼ ਬੋਲਦੇ ਨਜ਼ਰ ਆਏ।

ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ, "ਮੈਂ ਭਾਰਤ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਦਹਾਕਿਆਂ ਤੋਂ ਕਬਜ਼ੇ ਹੇਠ ਕਸ਼ਮੀਰ 'ਚ 7 ਲੱਖ ਫੌਜੀ ਮੌਜੂਦ ਹਨ। ਇਨ੍ਹਾਂ ਦੇ ਬਾਵਜੂਦ ਵੀ ਜਦੋਂ ਬੇਗੁਨਾਹ ਲੋਕ ਮਾਰੇ ਜਾਂਦੇ ਹਨ, ਤਾਂ ਕੀ ਭਾਰਤੀ ਫੌਜ 'ਤੇ ਸਵਾਲ ਨਹੀਂ ਉਠਣਾ ਚਾਹੀਦਾ?"  ਉਨ੍ਹਾਂ ਕਿਹਾ ਕਿ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਨਾ ਸਿਰਫ਼ ਗਲਤ ਹੈ, ਸਗੋਂ ਬਿਨਾ ਆਧਾਰ ਦੇ ਕੀਤੀ ਜਾ ਰਹੀ ਇਲਜ਼ਾਮਬਾਜ਼ੀ। ਪਾਕਿਸਤਾਨ ਹਰ ਕਿਸਮ ਦੇ ਅੱਤਵਾਦੀ ਅਤੇ ਉਸ ਦੀਆਂ ਸਾਰੀਆਂ ਸ਼ਕਲਾਂ ਦੀ ਸਖ਼ਤ ਨਿੰਦਾ ਕਰਦਾ ਹੈ। ਅਸਲ ਵਿੱਚ ਪਾਕਿਸਤਾਨ ਖੁਦ ਅੱਤਵਾਦ ਦਾ ਸਭ ਤੋਂ ਵੱਡਾ ਸ਼ਿਕਾਰ ਬਣਿਆ ਹੈ।

ਉਨ੍ਹਾਂ ਅਖੀਰ 'ਚ ਕਿਹਾ ਕਿ ਇਸ ਸਮੇਂ ਸਾਡੇ ਵਿਰੁੱਧ ਉਂਗਲ ਚੁੱਕਣਾ ਠੀਕ ਨਹੀਂ। ਅਸੀਂ ਭਾਰਤ ਹੋਵੇ ਜਾਂ ਪਾਕਿਸਤਾਨ — ਹਰ ਥਾਂ ਹੋ ਰਹੇ ਅੱਤਵਾਦ ਦੀ ਨਿੰਦਾ ਕਰਦੇ ਹਾਂ।

ਅਸੀਂ ਭਾਰਤ ਦੇ ਹਮਲੇ ਦਾ ਦੇਵਾਂਗੇ ਮੂੰਹਤੋੜ ਜਵਾਬ – ਪਾਕਿਸਤਾਨੀ ਰੱਖਿਆ ਮੰਤਰੀ

ਜਦੋਂ ਇੱਕ ਪਾਕਿਸਤਾਨੀ ਮਹਿਲਾ ਨਿਊਜ਼ ਐਂਕਰ ਨੇ ਰੱਖਿਆ ਮੰਤਰੀ ਖਵਾਜਾ ਆਸਿਫ ਤੋਂ ਪੁੱਛਿਆ ਕਿ ਜੇਕਰ ਭਾਰਤ ਪਾਕਿਸਤਾਨ ਵਿਰੁੱਧ ਕੋਈ ਕਾਰਵਾਈ ਕਰਦਾ ਹੈ ਤਾਂ ਤੁਸੀਂ ਕੀ ਕਰੋਗੇ? ਤਾਂ ਇਸ ਉੱਤੇ ਰੱਖਿਆ ਮੰਤਰੀ ਨੇ ਕਿਹਾ ਕਿ ਜੇ ਭਾਰਤ ਅਜਿਹੀ ਕੋਈ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਉਸ ਦਾ ਜਵਾਬ ਦੇਣ ਵਿੱਚ ਪੂਰੀ ਤਰ੍ਹਾਂ ਸਮਰੱਥ ਹਾਂ। ਤੁਹਾਨੂੰ ਅਭਿਨੰਦਨ ਵਾਲਾ ਘਟਨਾ ਯਾਦ ਹੋਵੇਗੀ, ਜਦੋਂ ਪਾਕਿਸਤਾਨ ਦੇ ਹਵਾਈ ਖੇਤਰ ਦਾ ਉਲੰਘਣ ਕੀਤਾ ਗਿਆ ਸੀ, ਤਾਂ ਕੀ ਹੋਇਆ ਸੀ। ਰੱਖਿਆ ਮੰਤਰੀ ਨੇ ਭਾਰਤੀ ਮੀਡੀਆ ਨੂੰ ਲੈ ਕੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਸਰਜੀਕਲ ਸਟਰਾਈਕ ਨੂੰ ਲੈ ਕੇ ਪਾਕਿਸਤਾਨ ਖਿਲਾਫ ਜੋ ਮਰਜ਼ੀ ਕਹਿ ਰਿਹਾ ਹੈ। ਉਨ੍ਹਾਂ ਉਮੀਦ ਜਤਾਈ ਕਿ ਭਾਰਤ ਵੱਲੋਂ ਕੋਈ ਗੈਰ-ਜਿੰਮੇਵਾਰਾਨਾ ਕਦਮ ਨਹੀਂ ਚੁੱਕਿਆ ਜਾਵੇਗਾ। ਪਰ ਜੇਕਰ ਭਾਰਤ ਵੱਲੋਂ ਕੋਈ ਹਮਲਾ ਹੁੰਦਾ ਹੈ, ਤਾਂ ਪਾਕਿਸਤਾਨ ਉਸ ਦਾ ਮੂੰਹਤੋੜ ਜਵਾਬ ਦੇਣ ਦੀ ਸਥਿਤੀ ਵਿੱਚ ਹੈ।