ਪਹਿਲਗਾਮ ਘਟਨਾ ਨੇ ਚਿੱਟੀ ਸਿੰਘਪੁਰਾ ਦਾ ਸਿੱਖ ਕਤਲੇਆਮ ਯਾਦ ਕਰਵਾਇਆ: ਜਥੇਦਾਰ ਗੜਗੱਜ

ਪਹਿਲਗਾਮ ਘਟਨਾ ਨੇ ਚਿੱਟੀ ਸਿੰਘਪੁਰਾ ਦਾ ਸਿੱਖ ਕਤਲੇਆਮ ਯਾਦ ਕਰਵਾਇਆ: ਜਥੇਦਾਰ ਗੜਗੱਜ

ਅੰਮ੍ਰਿਤਸਰ, 23 ਅਪਰੈਲ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਕੀਤੇ ਗਏ ਹਮਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਉਨ੍ਹਾਂ ਅਰਦਾਸ ਕੀਤੀ ਕਿ ਦੁਨੀਆ ਵਿਚ ਕਿਸੇ ਵੀ ਥਾਂ ਅਜਿਹੀ ਅਣਮਨੁੱਖੀ ਘਟਨਾ ਨਾ ਵਾਪਰੇ ਅਤੇ ਦੇਸ਼ ਦੁਨੀਆ ਅੰਦਰ ਅਮਨ ਸ਼ਾਂਤੀ ਬਣੀ ਰਹੇ। 

ਜਥੇਦਾਰ ਨੇ ਕਿਹਾ ਕਿ ਇਸ ਘਟਨਾ ਨੇ ਉਨ੍ਹਾਂ ਦੇ ਮਨ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ ਅਤੇ ਮਾਰਚ 2000 ਵਿਚ ਕਸ਼ਮੀਰ ਦੇ ਚਿੱਟੀ ਸਿੰਘਪੁਰਾ ਵਿਚ ਕਤਲ ਕੀਤੇ ਗਏ 35 ਸਿੱਖਾਂ ਦੀ ਯਾਦ ਦਿਵਾਈ ਹੈ, ਜਿਸ ਵਿਚ ਹੁਣ ਤੱਕ ਸੱਚ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਪਹਿਲਗਾਮ ਵਿਚ ਵਾਪਰੀ ਘਟਨਾ ਦਾ ਇਨਸਾਫ਼ ਹੋਵੇ ਅਤੇ ਇਸ ਦੇ ਨਾਲ ਹੀ ਚਿੱਟੀ ਸਿੰਘਪੁਰਾ ਵਿਚ ਵਾਪਰੀ ਘਟਨਾ ਦਾ ਵੀ ਸੱਚ ਸਾਹਮਣੇ ਲਿਆ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣਾ ਚਾਹੀਦਾ ਹੈ।

ਐੱਸਜੀਪੀਸੀ ਪ੍ਰਧਾਨ ਧਾਮੀ ਨੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਅਨਮਨੁੱਖੀ ਤੇ ਕਰੂਰ ਕਾਰੇ ਨੇ ਸਮਾਜਿਕ ਕਦਰਾਂ ਕੀਮਤਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਮਾਨਵੀ ਸਰੋਕਾਰ ਅਜਿਹਾ ਨਹੀਂ ਸਿਖਾਉਂਦੇ, ਸਗੋਂ ਸਾਰਿਆਂ ਨੂੰ ਭਾਈਚਾਰੇ ਤੇ ਸਦਭਾਵਨਾ ਦਾ ਰਾਹ ਦਿਖਾਉਂਦੇ ਹਨ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਹਮਲੇ ਦੌਰਾਨ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।