ਇੰਡੋਨੇਸ਼ੀਆ: 40 ਦੇ ਕਰੀਬ ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਦੋ ਲੋਕਾਂ ਦੀ ਮੌਤ
ਜਕਾਰਤਾ (ਪੋਸਟ ਬਿਊਰੋ)- ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਨੇੜੇ ਸਮੁੰਦਰੀ ਲਹਿਰਾਂ ਦੀ ਲਪੇਟ ਵਿੱਚ ਆ ਕੇ ਇੱਕ ਮੱਛੀ ਫੜਨ ਵਾਲੀ ਕਿਸ਼ਤੀ ਪਲਟ ਗਈ। ਕਿਸ਼ਤੀ 'ਤੇ 37 ਲੋਕ ਸਵਾਰ ਸਨ। ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਇਸ ਹਾਦਸੇ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 24 ਹੋਰ ਲਾਪਤਾ ਹਨ। ਇੰਡੋਨੇਸ਼ੀਆ ਦੀ ਰਾਸ਼ਟਰੀ ਖੋਜ ਅਤੇ ਬਚਾਅ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ 'ਦੇਵੀ ਜਯਾ 2' ਨਾਂ ਨਾਲ ਜਾਣੀ ਜਾਂਦੀ ਕਿਸ਼ਤੀ ਜਕਾਰਤਾ ਦੀ ਇਕ ਬੰਦਰਗਾਹ ਤੋਂ ਟਨ ਮੱਛੀਆਂ ਲੈ ਕੇ ਬਾਲੀ ਨੇੜੇ ਲੋਮਬੋਕ ਟਾਪੂ ਵੱਲ ਜਾ ਰਹੀ ਸੀ ਪਰ ਇਸ ਤੋਂ ਤੁਰੰਤ ਬਾਅਦ ਤੂਫਾਨੀ ਮੌਸਮ ਦੀ ਲਪੇਟ 'ਚ ਆ ਗਈ। ਜਿਸ ਕਾਰਨ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਅਤੇ ਇਸ ਦੇ ਪ੍ਰਭਾਵ ਕਾਰਨ 37 ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟ ਗਈ।