ਮੁੰਬਈ ਇੰਡੀਅਨਜ਼ ਦੇ ਸਾਬਕਾ ਕ੍ਰਿਕਟਰ ਸ਼ਿਵਾਲਿਕ ਸ਼ਰਮਾ ਨੂੰ ਰਾਜਸਥਾਨ ਦੇ ਜੋਧਪੁਰ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਾਬਕਾ ਆਈਪੀਐਲ ਕ੍ਰਿਕਟਰ 'ਤੇ ਉਸਦੀ ਇੱਕ ਦੋਸਤ ਨੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਕੁੜੀ ਨੇ ਉਸ 'ਤੇ ਇਹ ਦੋਸ਼ ਲਗਾਏ ਹਨ, ਉਸਦੀ ਖਿਡਾਰੀ ਨਾਲ ਮੰਗਣੀ ਵੀ ਹੋਈ ਸੀ।
ਕ੍ਰਿਕਟਰ ਸ਼ਿਵਾਲਿਕ ਸ਼ਰਮਾ ਤੇ ਦੋਸ਼ ਲਗਾਉਣ ਵਾਲੀ ਕੁੜੀ ਇੰਸਟਾਗ੍ਰਾਮ ਰਾਹੀਂ ਦੋਸਤ ਬਣੇ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਇਸ ਸਮੇਂ ਦੌਰਾਨ, ਸ਼ਿਵਾਲਿਕ ਉਸਨੂੰ ਮਿਲਣ ਲਈ ਕਈ ਵਾਰ ਜੋਧਪੁਰ ਵੀ ਗਿਆ। ਕ੍ਰਿਕਟਰ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਤੇ ਦੋਵਾਂ ਨੇ ਮੰਗਣੀ ਵੀ ਕਰਵਾ ਲਈ। ਲੜਕੀ ਨੇ ਦੋਸ਼ ਲਗਾਇਆ ਕਿ ਸ਼ਿਵਾਲਿਕ ਉਸਨੂੰ ਵਿਆਹ ਲਈ ਭਰਮਾਉਂਦਾ ਰਿਹਾ ਅਤੇ ਉਸ ਨਾਲ ਸਰੀਰਕ ਸੰਬੰਧ ਵੀ ਬਣਾਏ।
ਪੀੜਤਾ ਨੇ ਦੱਸਿਆ ਸੀ ਕਿ ਲਗਭਗ ਇੱਕ ਸਾਲ ਇਕੱਠੇ ਰਹਿਣ ਤੋਂ ਬਾਅਦ, ਸ਼ਿਵਾਲਿਕ ਦੇ ਪਰਿਵਾਰ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਲੜਕੀ ਨੇ ਸ਼ਿਵਾਲਿਕ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ ਕੁੜੀ ਥਾਣੇ ਵਿੱਚ ਕੇਸ ਦਰਜ ਕਰਵਾਇਆ। ਇਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ, ਸ਼ਿਵਾਲਿਕ ਨੂੰ ਸ਼ਨੀਵਾਰ ਨੂੰ ਵਡੋਦਰਾ ਦੇ ਅਟਲਦਰਾ ਥਾਣਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸਨੂੰ ਜੋਧਪੁਰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਮੁੰਬਈ ਇੰਡੀਅਨਜ਼ ਟੀਮ ਵਿੱਚ ਸੀ ਸ਼ਿਵਾਲਿਕ ਸ਼ਰਮਾ
ਸ਼ਿਵਲਿਕ ਸ਼ਰਮਾ ਨੂੰ ਪਿਛਲੇ ਸਾਲ (2024) ਆਈਪੀਐਲ ਵਿੱਚ ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੂੰ 20 ਲੱਖ ਰੁਪਏ ਵਿੱਚ ਖਰੀਦਿਆ ਗਿਆ, ਹਾਲਾਂਕਿ ਉਹ ਇੱਕ ਵੀ ਮੈਚ ਨਹੀਂ ਖੇਡ ਸਕਿਆ। ਇਸ ਸਾਲ (IPL 2025) ਉਹ ਕਿਸੇ ਵੀ ਟੀਮ ਦਾ ਹਿੱਸਾ ਨਹੀਂ ਹੈ। ਘਰੇਲੂ ਟੂਰਨਾਮੈਂਟ ਵਿੱਚ ਬੜੌਦਾ ਕ੍ਰਿਕਟ ਟੀਮ ਲਈ ਖੇਡਣ ਵਾਲੇ ਸ਼ਿਵਾਲਿਕ ਨੇ 18 ਪਹਿਲੀ ਸ਼੍ਰੇਣੀ ਮੈਚਾਂ ਵਿੱਚ 1087 ਦੌੜਾਂ ਬਣਾਈਆਂ। ਇੱਥੇ ਉਸਨੇ 3 ਸੈਂਕੜੇ ਅਤੇ 5 ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਉਸਨੇ ਲਿਸਟ ਏ ਵਿੱਚ ਖੇਡੇ ਗਏ 13 ਮੈਚਾਂ ਵਿੱਚ 322 ਦੌੜਾਂ ਬਣਾਈਆਂ। ਉਸਨੇ 19 ਟੀ-20 ਮੈਚ ਵੀ ਖੇਡੇ, ਜਿਸ ਵਿੱਚ ਉਸਨੇ 349 ਦੌੜਾਂ ਬਣਾਈਆਂ। ਉਸਨੇ ਇਸ ਸਾਲ ਜਨਵਰੀ ਵਿੱਚ ਰਣਜੀ ਟਰਾਫੀ ਵਿੱਚ ਆਪਣਾ ਆਖਰੀ ਮੈਚ ਖੇਡਿਆ ਸੀ। ਜੰਮੂ-ਕਸ਼ਮੀਰ ਖਿਲਾਫ ਇਸ ਮੈਚ ਵਿੱਚ ਉਸਨੇ 64 ਅਤੇ 18 ਦੌੜਾਂ ਬਣਾਈਆਂ।