ਸ਼ੰਭੂ ਬਾਰਡਰ 'ਤੇ ਡਟੀਆਂ ਕਿਸਾਨ ਬੀਬੀਆਂ, ਕਿਹਾ- ਦੇਗਾਂ-ਤੇਗਾਂ ਦੇ ਵਾਰਿਸ ਹਾਂ, ਡਰਨ ਵਾਲੇ ਨਹੀਂ
ਕਿਸਾਨ ਅੰਦੋਲਨ ਦਾ ਅੱਜ ਤੀਜਾ ਦਿਨ ਹੈ। ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਵੱਡਾ ਇਕੱਠ ਹੈ। ਪੁਲਸ ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਬੈਰੀਕੇਡਜ਼ ਲਾਏ ਗਏ ਹਨ ਅਤੇ ਇਸ ਦੇ ਨਾਲ ਹੀ ਹੰਝੂ ਗੈਸ ਦੇ ਗੋਲੇ ਵੀ ਦਾਗੇ ਜਾ ਰਹੇ ਹਨ। ਕਿਸਾਨ ਅੰਦੋਲਨ ਦਰਮਿਆਨ ਹੁਣ ਕਿਸਾਨ ਬੀਬੀਆਂ ਵੀ ਬਾਰਡਰ 'ਤੇ ਡਟ ਗਈਆਂ ਹਨ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਬੀਬੀਆਂ ਇੱਥੇ ਡਟੀਆਂ ਹੋਈਆਂ ਹਨ। ਕਿਸਾਨ ਬੀਬੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਕਿਸਾਨਾਂ ਨਾਲ ਡਟੀਆਂ ਰਹਿਣਗੀਆਂ। ਕਿਸਾਨ ਬੀਬੀਆਂ ਨੇ ਕਿਹਾ ਕਿ ਅਸੀਂ ਦੇਗਾਂ-ਤੇਗਾਂ ਦੇ ਵਾਰਿਸ ਹਾਂ, ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਮੰਨਿਆ ਕਿ ਅਸੀਂ ਸ਼ਾਂਤੀਪੂਰਨ ਸੀ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਅੱਗੇ ਜਾ ਕੇ ਕਰ ਸਕਦੇ ਹਾਂ। ਜੇਕਰ MSP ਦੀ ਮੰਗ, ਲਖੀਮਪੁਰ ਖੀਰੀ ਪੀੜਤਾਂ ਨੂੰ ਨਿਆਂ, ਕਿਸਾਨਾਂ ਦੀ ਕਰਜ਼ਾ ਮੁਆਫ਼ੀ ਜਾਂ ਪੈਨਸ਼ਨ ਦੀ ਮੰਗ ਪੂਰੀ ਹੁੰਦੀ ਹੈ ਤਾਂ ਅਸੀਂ ਪਿੱਛੇ ਮੁੜਾਂਗੇ, ਜੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਅੱਗੇ ਜਾਵਾਂਗੇ