ਜੇ ਟਰੰਪ ਕੈਨੇਡਾ ਨੂੰ ਕੁਝ ਟੈਕਸ ਛੂਟ ਦਿੰਦੇ ਹਨ ਤਾਂ ਵੀ ਟਰੂਡੋ ਜਵਾਬੀ ਟੈਕਸ ਚੁੱਕਣ ਲਈ ਤਿਆਰ ਨਹੀਂ

ਜੇ ਟਰੰਪ ਕੈਨੇਡਾ ਨੂੰ ਕੁਝ ਟੈਕਸ ਛੂਟ ਦਿੰਦੇ ਹਨ ਤਾਂ ਵੀ ਟਰੂਡੋ ਜਵਾਬੀ ਟੈਕਸ ਚੁੱਕਣ ਲਈ ਤਿਆਰ ਨਹੀਂ

ਟੋਰਾਂਟੋ, 6 ਮਾਰਚ

ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਨੂੰ ਕੋਈ ਵੀ ਅਮਰੀਕੀ ਟੈਕਸ ਤੋਂ ਛੂਟ ਦਿੰਦੇ ਹਨ ਤਾਂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਮਰੀਕਾ ਤੋਂ ਜਵਾਬੀ ਟੈਕਸ ਹਟਾਉਣ ਲਈ ਤਿਆਰ ਨਹੀਂ ਹਨ। ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਟਰੂਡੋ ਦੇ ਰੁਖ ਦੀ ਪੁਸ਼ਟੀ ਕੀਤੀ, ਕਿਉਂਕਿ ਵਿਅਕਤੀ ਨੂੰ ਇਸ ਮਾਮਲੇ ’ਤੇ ਜਨਤਕ ਤੌਰ ’ਤੇ ਬੋਲਣ ਦਾ ਅਧਿਕਾਰ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਟਰੰਪ ਅਤੇ ਟਰੂਡੋ ਨੇ ਦੁਪਹਿਰ ਦੇ ਕਰੀਬ ਫੋਨ ’ਤੇ ਗੱਲਬਾਤ ਕੀਤੀ। ਕੈਨੇਡੀਅਨ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ, ‘‘ਅਸੀਂ ਵਿਚਕਾਰਲੇ ਸਮਝੌਤੇ(Meeting in the Middle) ਅਤੇ ਕੁਝ ਘਟਾਏ ਗਏ ਟੈਕਸ ਵਿਚ ਦਿਲਚਸਪੀ ਨਹੀਂ ਰੱਖਦੇ। ਕੈਨੇਡਾ ਚਾਹੁੰਦਾ ਹੈ ਕਿ ਟੈਕਸ ਹਟਾਏ ਜਾਣ।’’ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ, “ਜ਼ੀਰੋ ਟੈਕਸ ਜਾਂ ਕੁਝ ਨਹੀਂ। ਇਹ ਹਮਲਾ ਸਾਡੇ ਦੇਸ਼ ਨੇ ਸ਼ੁਰੂ ਨਹੀਂ ਕੀਤਾ ਸੀ। ਇਸ ਦੀ ਸ਼ੁਰੂਆਤ ਰਾਸ਼ਟਰਪਤੀ ਟਰੰਪ ਨੇ ਕੀਤੀ ਸੀ। ਉਨ੍ਹਾਂ ਸਾਡੇ ਦੇਸ਼ ਅਤੇ ਸਾਡੇ ਸੂਬੇ ਦੇ ਖ਼ਿਲਾਫ਼ ਆਰਥਿਕ ਯੁੱਧ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਅਤੇ ਅਸੀਂ ਮਜ਼ਬੂਤ ​​​​ਹੋਣ ਜਾ ਰਹੇ ਹਾਂ।’’ ਟਰੰਪ ਨੇ ਮੰਗਲਵਾਰ ਨੂੰ ਵਾਸ਼ਿੰਗਟਨ ਦੇ ਤਿੰਨ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਵਿਰੁੱਧ ਟੈਕਸ ਲਗਾ ਕੇ ਮੈਕਸੀਕੋ, ਕੈਨੇਡਾ ਅਤੇ ਚੀਨ ਤੋਂ ਤੁਰੰਤ ਜਵਾਬੀ ਪ੍ਰਤੀਕਿਰਿਆ ਹਾਸਲ ਕਰਦਿਆਂ ਵਿੱਤੀ ਬਾਜ਼ਾਰਾਂ ਨੂੰ ਗੋਤਾ ਲਵਾ ਕੇ ਇੱਕ ਨਵਾਂ ਵਪਾਰ ਯੁੱਧ ਸ਼ੁਰੂ ਕੀਤਾ। ਟਰੰਪ ਨੇ ਮੈਕਸੀਕਨ ਅਤੇ ਕੈਨੇਡੀਅਨ ਆਯਾਤ ’ਤੇ 25 ਫੀਸਦੀ ਟੈਕਸ ਲਗਾਏ, ਹਾਲਾਂਕਿ ਉਸਨੇ ਕੈਨੇਡੀਅਨ ਊਰਜਾ ’ਤੇ ਲੇਵੀ ਨੂੰ 10 ਫੀਸਦੀ ਤੱਕ ਸੀਮਤ ਕਰ ਦਿੱਤਾ। ਨਵੇਂ ਟੈਕਸ ਲਾਗੂ ਹੋਣ ਤੋਂ ਇੱਕ ਦਿਨ ਬਾਅਦ ਟਰੰਪ ਨੇ ਕਿਹਾ ਕਿ ਉਹ ਯੂਐੱਸ ਵਾਹਨ ਨਿਰਮਾਤਾਵਾਂ ਲਈ ਇੱਕ ਮਹੀਨੇ ਦੀ ਛੋਟ ਦੇਵੇਗਾ।