ਅੰਮ੍ਰਿਤਸਰ, 18 ਫਰਵਰੀ : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇਥੇ ਆਖਿਆ ਕਿ ਅਕਾਲ ਤਖ਼ਤ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਹ ਅਕਾਲ ਤਖ਼ਤ ਵੱਲੋਂ ਸੌਂਪੀ ਹੋਈ ਸੇਵਾ ਹੈ ਅਤੇ ਇਸ ਤੋਂ ਪਿਛਾਂਹ ਨਹੀਂ ਹਟਣਾ ਚਾਹੀਦਾ। ਇਹ ਪ੍ਰਗਟਾਵਾ ਉਨ੍ਹਾਂ ਅੱਜ ਇਥੇ ਚੀਫ਼ ਖਾਲਸਾ ਦੀਵਾਨ ਦੇ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਐਡਵੋਕੇਟ ਧਾਮੀ ਦੇ ਅਸਤੀਫ਼ੇ ਬਾਰੇ ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਉਨ੍ਹਾਂ ਦੇ ਅਸਤੀਫ਼ੇ ਨੂੰ ਅਪ੍ਰਵਾਨ ਕਰ ਦੇਵੇਗੀ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰਨ ਦੇ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਇਹ ਈਰਖਾ ਭਾਵਨਾ ਨਾਲ ਕੀਤਾ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਫੈਸਲਾ ਹੈ। ਉਨ੍ਹਾਂ ਕਿਹਾ ਕਿ ਦੋ ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਆਗੂਆਂ ਬਾਰੇ ਪੰਜ ਸਿੰਘ ਸਾਹਿਬਾਨ ਵੱਲੋਂ ਕੀਤਾ ਗਿਆ ਫੈਸਲਾ ਕਿਸੇ ਵੀ ਈਰਖਾ ਭਾਵਨਾ ਨਾਲ ਨਹੀਂ ਕੀਤਾ ਗਿਆ ਸੀ ਅਤੇ ਇਹ ਫੈਸਲਾ ਪੰਜ ਸਿੰਘ ਸਾਹਿਬਾਨ ਦਾ ਸੀ, ਨਾ ਕਿ ਕਿਸੇ ਵਿਅਕਤੀ ਦਾ। ਉਨ੍ਹਾਂ ਦਾਅਵਾ ਕੀਤਾ ਕਿ ਉਸ ਵੇਲੇ ਬਤੌਰ ਜਥੇਦਾਰ ਉਨ੍ਹਾਂ ਦੇ ਮਨ ਵਿੱਚ ਨਿੱਜੀ ਤੌਰ ’ਤੇ ਕਿਸੇ ਖ਼ਿਲਾਫ਼ ਕੋਈ ਈਰਖਾ ਨਹੀਂ ਸੀ ਪਰ ਜਿਨ੍ਹਾਂ ਨੂੂੰ ਤਨਖਾਹ ਲਾਈ ਗਈ ਸੀ ਉਨ੍ਹਾਂ ਦੇ ਮਨ ਵਿੱਚ ਜ਼ਰੂਰ ਈਰਖਾ ਸੀ , ਜਿਸ ਦਾ ਹੁਣ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰਨ ਦਾ ਮਾਮਲਾ ਸਮੁੱਚੇ ਤੌਰ ’ਤੇ ਹੀ ਯੋਜਨਾਬੱਧ ਸੀ।
ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇ ਇਸ ਮਾਮਲੇ ਦੀ ਜਾਂਚ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਜਾਂ ਅਕਾਲ ਤਖ਼ਤ ਤੋਂ ਕਰਵਾਈ ਜਾਂਦੀ। ਉਨ੍ਹਾਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਬਣੀ ਇੱਕ ਸਰਾਂ ਤੇ ਲੰਗਰ ਘਰ ਦੇ ਮਾਮਲਿਆਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਜੇ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾਵੇ ਤਾਂ ਉਨ੍ਹਾਂ ਖ਼ਿਲਾਫ਼ ਜਾਂਚ ਕਰਨ ਵਾਲੇ ਜ਼ਰੂਰ ਇਸ ਦੇ ਘੇਰੇ ਵਿੱਚ ਆਉਣਗੇ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਖ਼ਿਲਾਫ਼ ਕਈ ਗੰਭੀਰ ਦੋਸ਼ ਲਾਏ। ਜਿਨ੍ਹਾਂ ਵਿੱਚ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾਉਣ ਲਈ ਵੀ ਜ਼ਿੰਮੇਵਾਰ ਠਹਿਰਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਵੇਲੇ ਫਰਜ਼ੀ ਭਰਤੀ ਹੋ ਰਹੀ ਅਤੇ ਅਜਿਹੀ ਭਰਤੀ ਨਾਲ ਪ੍ਰਧਾਨ ਵੀ ਫਰਜ਼ੀ ਹੀ ਚੁਣਿਆ ਜਾਵੇਗਾ। ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਦੇ ਨਾਲ ਬੈਠੇ ਹੋਣ ਬਾਰੇ ਉਨ੍ਹਾਂ ਕਿਹਾ ਕਿ ਡਾਕਟਰ ਨਿੱਝਰ ਸਭ ਤੋਂ ਪਹਿਲਾਂ ਇੱਕ ਸਿੱਖ ਹਨ। ਉਸ ਤੋਂ ਬਾਅਦ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਉਸ ਤੋਂ ਬਾਅਦ ਵਿਧਾਇਕ ਹਨ ਅਤੇ ਉਹ ਇੱਕ ਸਿੱਖ ਦੇ ਨਾਲ ਬੈਠੇ ਹਨ।